ਮੁਕਤਸਰ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿਚ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਬੀਤੇ ਦਿਨ ਆਏ ਬੇਮੌਸਮੇ ਮੀਂਹ ਕਾਰਨ ਮੰਡੀਆਂ ਵਿਚ ਪਈ ਫ਼ਸਲ ਦੇ ਇਕ ਹਿੱਸੇ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਮੰਡੀ ਪ੍ਰਬੰਧਨ ਵਿਚ ਵੱਡੀ ਘਾਟ ਸਾਹਮਣੇ ਆਈ। ਹਾਲਾਂਕਿ ਹੁਣ ਤੱਕ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਕਮਿਸ਼ਨ ਏਜੰਟਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਸਮੇਂ ਸਿਰ ਲਿਫਟਿੰਗ ਦੀ ਘਾਟ ਅਤੇ ਮੌਸਮ ਨਾਲ ਸਬੰਧਤ ਨੁਕਸਾਨ ਤੋਂ ਪੈਦਾਵਾਰ ਨੂੰ ਬਚਾਉਣ ਲਈ ਪ੍ਰਬੰਧਾਂ ਦੀ ਘਾਟ ’ਤੇ ਨਿਰਾਸ਼ਾ ਪਰਗਟ ਕੀਤੀ ਹੈ। ਇਕ ਕਮਿਸ਼ਨ ਏਜੰਟ ਨੇ ਕਿਹਾ, “ਕਣਕ ਦੀ ਆਮਦ 13 ਅਪਰੈਲ ਤੋਂ ਸ਼ੁਰੂ ਹੋਈ ਸੀ। ਹਾਲਾਂਕਿ, ਉਸ ਤੋਂ ਬਾਅਦ ਇਕ ਵੀ ਦਿਨ ਅਜਿਹਾ ਨਹੀਂ ਗਿਆ ਜਦੋਂ, ਅਸੀਂ ਅਧਿਕਾਰੀਆਂ ਨੂੰ ਸਹੀ ਲਿਫਟਿੰਗ ਯਕੀਨੀ ਬਣਾਉਣ ਲਈ ਬੇਨਤੀ ਨਾ ਕੀਤੀ ਹੋਵੇ। ਹੁਣ, ਤੁਸੀਂ ਸਥਿਤੀ ਦੇਖ ਸਕਦੇ ਹੋ। ਸਾਨੂੰ ਵਾਧੂ ਖਰਚੇ ਝੱਲਣੇ ਪੈਣਗੇ, ਕਿਉਂਕਿ ਬੋਰੀਆਂ ਵਿੱਚ ਸਟੋਰ ਕੀਤੀ ਕਣਕ ਗਿੱਲੀ ਹੋ ਗਈ ਹੈ।’’
ਮੁਕਤਸਰ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਲਿਫਟਿੰਗ ਵਿਚ ਦੇਰੀ ਨੂੰ ਮੰਨਦਿਆਂ ਕਿਹਾ ਕਿ ਕੰਮ ਹੁਣ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਮੁੱਦਾ ਮੁੱਖ ਤੌਰ ’ਤੇ ਇਕ ਸਾਈਲੋ ਦੇ ਪਹਿਲਾਂ ਤਿਆਰ ਨਾ ਹੋਣ ਕਾਰਨ ਸੀ, ਪਰ ਇਸਨੂੰ ਹੱਲ ਕਰ ਲਿਆ ਗਿਆ ਹੈ। ਹੁਣ ਤੱਕ ਕਿਸੇ ਵਿਰੁੱਧ ਕਾਰਵਾਈ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ।’’ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 7,40,607 ਮੀਟਰਕ ਟਨ ਕਣਕ ਪਹੁੰਚੀ ਸੀ। ਇਸ ਵਿੱਚੋਂ 7,26,373 ਮੀਟਰਕ ਟਨ ਖਰੀਦੀ ਜਾ ਚੁੱਕੀ ਸੀ, 3,38,905 ਮੀਟਰਕ ਟਨ ਚੁੱਕੀ ਗਈ ਸੀ। ਜਿਸ ਦਾ ਭਾਵ ਹੈ ਕਿ ਖਰੀਦੀ ਗਈ ਕਣਕ ਦਾ 53 ਪ੍ਰਤੀਸ਼ਤ ਤੋਂ ਵੱਧ ਹਿੱਸਾ ਅਜੇ ਚੁੱਕਿਆ ਜਾਣਾ ਬਾਕੀ ਹੈ।