ਪਹਿਲਗਾਮ ਅਤਿਵਾਦੀ ਹਮਲੇ ਤੋਂ ਇਕ ਹਫ਼ਤੇ ਬਾਅਦ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਜੰਮੂ ਦੇ ਨੇੜੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਇਕ ਅਧਿਕਾਰੀ ਨੇ ਕਿਹਾ ਡੋਡਾ-ਕਿਸ਼ਤਵਾੜ-ਰਾਮਬਨ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਸ਼੍ਰੀਧਰ ਪਾਟਿਲ ਨੇ ਪਤਨੀਟੌਪ ਅਤੇ ਨਾਲ ਲੱਗਦੇ ਨਥਾਟੌਪ ਅਤੇ ਸਨਾਸਰ ਦਾ ਦੌਰਾ ਕੀਤਾ, ਜੋ ਊਧਮਪੁਰ ਅਤੇ ਰਾਮਬਨ ਜ਼ਿਲ੍ਹਿਆਂ ਦੇ ਵਿਚਕਾਰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਪੁਰਾਣੇ ਅਲਾਈਨਮੈਂਟ ’ਤੇ ਸਥਿਤ ਹਨ। ਇਥੇ ਸਾਲ ਭਰ ਵੱਡੀ ਗਿਣਤੀ ਵਿਚ ਛੁੱਟੀਆਂ ਮਨਾਉਣ ਵਾਲੇ ਆਉਂਦੇ ਹਨ।
ਇਕ ਪੁਲੀਸ ਬੁਲਾਰੇ ਨੇ ਕਿਹਾ ਕਿ ਡੀਆਈਜੀ ਨੇ ਰਾਮਬਨ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲੀਸ ਕੁਲਬੀਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਸੈਲਾਨੀਆਂ ਦੀ ਸੁਰੱਖਿਆ ਲਈ ਕੀਤੇ ਉਪਾਵਾਂ ਦੀ ਸਮੀਖਿਆ ਕੀਤੀ। ਇਸ ਉਪਰੰਤ ਪਾਟਿਲ ਨੇ ਵੱਖ-ਵੱਖ ਹੋਟਲ ਐਸੋਸੀਏਸ਼ਨਾਂ, ਟਰੈਕਿੰਗ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਅਤੇ ਸਾਬਕਾ ਸਰਪੰਚਾਂ ਸਮੇਤ ਸਥਾਨਕ ਨਿਵਾਸੀਆਂ ਨਾਲ ਇਕ ਇੰਟਰਐਕਟਿਵ ਮੀਟਿੰਗ ਵੀ ਕੀਤੀ।