ਨਵੀਂ ਦਿੱਲੀ: ਪਾਕਿਸਤਾਨ ਨਾਲ ਭਾਰਤ ਦੇ ਤਣਾਅ ਦੌਰਾਨ ਭਾਰਤ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਬਦਲਾਅ ਕੀਤੇ ਹਨ। ਰਾਅ ਦੇ ਸਾਬਕਾ ਮੁਖੀ ਆਲੋਕ ਜੋਸ਼ੀ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਬੋਰਡ ਵਿੱਚ ਛੇ ਹੋਰ ਮੈਂਬਰ ਵੀ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਸਾਬਕਾ ਪੱਛਮੀ ਹਵਾਈ ਕਮਾਂਡਰ ਏਅਰ ਮਾਰਸ਼ਲ ਪੀਐਮ ਸਿਨਹਾ, ਸਾਬਕਾ ਦੱਖਣੀ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਏਕੇ ਸਿੰਘ ਤੇ ਰੀਅਰ ਐਡਮਿਰਲ ਮੋਂਟੀ ਖੰਨਾ, ਫੌਜੀ ਸੇਵਾਵਾਂ ਤੋਂ ਸੇਵਾਮੁਕਤ ਅਧਿਕਾਰੀ ਸ਼ਾਮਲ ਹਨ। ਰਾਜੀਵ ਰੰਜਨ ਵਰਮਾ ਤੇ ਮਨਮੋਹਨ ਸਿੰਘ ਭਾਰਤੀ ਪੁਲਿਸ ਸੇਵਾ ਦੇ ਦੋ ਸੇਵਾਮੁਕਤ ਮੈਂਬਰ ਹਨ। ਸੱਤ ਮੈਂਬਰੀ ਬੋਰਡ ਵਿੱਚ ਬੀ. ਵੈਂਕਟੇਸ਼ ਵਰਮਾ ਇੱਕ ਸੇਵਾਮੁਕਤ ਆਈ.ਐਫ.ਐਸ. ਹਨ।
ਸੀਸੀਐਸ ਮੀਟਿੰਗ ‘ਚ ਲਿਆ ਗਿਆ ਫੈਸਲਾ
ਇਹ ਫੈਸਲਾ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਵਿੱਚ ਇੱਕ ਨੇਪਾਲੀ ਨਾਗਰਿਕ ਸਮੇਤ 26 ਨਿਰਦੋਸ਼ ਨਾਗਰਿਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਇਹ ਫੈਸਲਾ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਬੁਲਾਈ ਗਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ।