ਨਵੀਂ ਦਿੱਲੀ: (Rohit Sharma IND Vs ENG Test Series) : IPL 2025 ਤੋਂ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਦਾ ਦੌਰਾ ਕਰਨਾ ਪਵੇਗਾ। ਭਾਰਤ ਤੇ ਇੰਗਲੈਂਡ ਵਿਚਾਲੇ ਜੂਨ ਵਿੱਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਇਸ ਟੈਸਟ ਸੀਰੀਜ਼ ਲਈ ਕਿਹੜੇ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਮਿਲੇਗੀ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਬੀਸੀਸੀਆਈ ਨੇ ਇੰਗਲੈਂਡ ਦੌਰੇ ਲਈ 35 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ, ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ ਦਾ ਨਾਮ ਵੀ ਸ਼ਾਮਲ ਹੈ।
ਕੀ ਰੋਹਿਤ ਸ਼ਰਮਾ ਦਾ ਇੰਗਲੈਂਡ ਦੌਰੇ ‘ਤੇ ਜਾਣਾ ਪੱਕਾ
ਦਰਅਸਲ ਰੋਹਿਤ ਸ਼ਰਮਾ ਬਾਰੇ ਅਟਕਲਾਂ ਲਗਾਇਆ ਜਾ ਰਹੀਆਂ ਹਨ ਕਿ ਉਹ ਟੈਸਟ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਨਹੀਂ ਕਰੇਗਾ ਪਰ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਟੀਮਾਂ ਦਾ ਅਧਿਕਾਰਤ ਐਲਾਨ ਮਈ ਦੇ ਦੂਜੇ ਹਫ਼ਤੇ ਤੱਕ ਹੋਣ ਦੀ ਉਮੀਦ ਹੈ।
ਇਸ ਦੌਰਾਨ ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਬੀਸੀਸੀਆਈ ਰਜਤ ਪਾਟੀਦਾਰ ਤੇ ਕਰੁਣ ਨਾਇਰ ਦੇ ਨਾਵਾਂ ‘ਤੇ 5ਵੇਂ ਜਾਂ 6ਵੇਂ ਨੰਬਰ ਦੀ ਬੱਲੇਬਾਜ਼ੀ ਸਥਿਤੀ ਲਈ ਵਿਚਾਰ ਕਰ ਸਕਦਾ ਹੈ। ਇਨ੍ਹਾਂ ਦੋਵਾਂ ਨੂੰ ਇੰਡੀਆ ਏ ਸੀਰੀਜ਼ ਵਿੱਚ ਅਜ਼ਮਾਇਆ ਜਾ ਸਕਦਾ ਹੈ, ਜੋ ਕਿ 25 ਮਈ ਨੂੰ ਆਈਪੀਐਲ ਖ਼ਤਮ ਹੋਣ ਤੋਂ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੋਵੇਗੀ।
ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਦੇ ਨਾਮ ਸ਼ਾਰਟਲਿਸਟ ਕੀਤੇ ਖਿਡਾਰੀਆਂ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ। ਬੀਸੀਸੀਆਈ ਦਾ ਇੱਕ ਸਰੋਤ “ਰੋਹਿਤ ਦੇ ਦੌਰੇ ‘ਤੇ ਜਾਣ ਦੀ ਸੰਭਾਵਨਾ ਸਭ ਤੋਂ ਵੱਧ ਹੈ ਕਿਉਂਕਿ ਬੋਰਡ ਨੂੰ ਲੱਗਦਾ ਹੈ ਕਿ ਲੜੀ ਦੌਰਾਨ ਇੱਕ ਮਜ਼ਬੂਤ ਕਪਤਾਨ ਦੀ ਲੋੜ ਹੈ, ਜੋ ਕਿ ਆਸਟ੍ਰੇਲੀਆ ਦੌਰੇ ਵਾਂਗ ਹੀ ਔਖਾ ਹੋਣ ਦੀ ਸੰਭਾਵਨਾ ਹੈ।
ਮਿਡਲ ਆਰਡਰ ਦੇ ਸੰਬੰਧ ਵਿੱਚ ਟੀਮ ਪ੍ਰਬੰਧਨ ਨੇ ਸਰਫਰਾਜ਼ ਖਾਨ ਦੀ ਯੋਗਤਾ ‘ਤੇ ਬਹੁਤ ਘੱਟ ਵਿਸ਼ਵਾਸ ਦਿਖਾਇਆ ਹੈ। ਨਾਇਰ ਤੇ ਪਾਟੀਦਾਰ ਤਜਰਬੇਕਾਰ ਲਾਲ ਗੇਂਦ ਵਾਲੇ ਖਿਡਾਰੀ ਹਨ ਤੇ ਸ਼ਾਨਦਾਰ ਫਾਰਮ ਵਿੱਚ ਹਨ। ਇਹ ਸੰਭਾਵਨਾ ਹੈ ਕਿ ਉਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਭਾਰਤ ‘ਏ’ ਟੀਮ ਵਿੱਚ ਹੋਵੇਗਾ। ਅਈਅਰ ਦੀ ਗੱਲ ਕਰੀਏ ਤਾਂ ਉਸ ਨੂੰ ਪਿਛਲੇ ਸਾਲ ਟੈਸਟ ਕ੍ਰਿਕਟ ਵਿੱਚ ਉਸ ਦੇ ਮਾੜੇ ਪ੍ਰਦਰਸ਼ਨ ਦੇ ਆਧਾਰ ‘ਤੇ ਬਾਹਰ ਕਰ ਦਿੱਤਾ ਗਿਆ ਸੀ ਪਰ ਅੰਤਿਮ ਫੈਸਲਾ ਅਜੇ ਲਿਆ ਜਾਣਾ ਬਾਕੀ ਹੈ।”
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਲਦੀਪ ਯਾਦਵ ਨੂੰ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਬਾਰਡਰ-ਗਾਵਸਕਰ ਟਰਾਫੀ ਦੌਰਾਨ ਆਰ ਅਸ਼ਵਿਨ ਦੇ ਟੈਸਟ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈਣ ਤੋਂ ਬਾਅਦ ਚੋਣਕਾਰ ਕੁਲਦੀਪ ਨੂੰ ਚੁਣਨਾ ਚਾਹੁਣਗੇ, ਜੋ ਸਪਿਨਰ ਵਜੋਂ ਟੀਮ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਸ ਦੇ ਨਾਲ ਹੀ ਸਾਈ ਸੁਦਰਸ਼ਨ ਨੂੰ ਸੀਰੀਜ਼ ਲਈ ਤੀਜੇ ਓਪਨਿੰਗ ਬੱਲੇਬਾਜ਼ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।