ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਨੇ ਰਵਨੀਤ ਬਿੱਟੂ ਨੇ ਕੌਮੀ ਐਮਰਜੈਂਸੀ ਸਮੇਂ ਜਦੋਂ ਭਾਰਤ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਨਾਲ ਲੜ ਰਿਹਾ ਹੈ, ਤਾਂ ਅਜਿਹੇ ਮੌਕੇ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਵਿਵਾਦ ਦਾ ਮੁੱਦਾ ਉਠਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ।
ਬਿੱਟੂ ਨੇ ਕਿਹਾ ਕਿ ਪੂਰਾ ਭਾਰਤ ਸੋਗ ਵਿੱਚ ਹੈ ਅਤੇ ਇਸ ਸਮੇਂ ਦੇਸ਼ ਦੀ ਤਰਜੀਹ ਇਕਜੁੱਟਤਾ ਦਿਖਾਉਣਾ ਅਤੇ ਪਾਕਿਸਤਾਨ ਵਿਰੁੱਧ ਠੋਸ ਕਾਰਵਾਈ ਹੈ। ਬਦਕਿਸਮਤੀ ਨਾਲ ਭਗਵੰਤ ਮਾਨ ਨੇ ਇਸ ਵਾਰ ਰਾਜਾਂ ਨੂੰ ਵੰਡਣ ਅਤੇ ਕੌਮੀ ਹਿੱਤਾਂ ਨਾਲੋਂ ਘਟੀਆ ਰਾਜਨੀਤੀ ਖੇਡਣ ਲਈ ਚੁਣਿਆ ਹੈ। ਬਿੱਟੂ ਨੇ ਕਿਹਾ ਕਿ ਮਾਨ ਦੇਸ਼ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾਂ ਫੁੱਟਪਾਊ ਰਾਜਨੀਤੀ ਖੇਡ ਰਹੇ ਹਨ। ਇਹ ਇੱਕ ਬੁਜ਼ਦਿਲਾਨਾ ਕਾਰਵਾਈ ਹੈ। ਬਿੱਟੂ ਨੇ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਰਮਨਾਕ ਕੰਮ ਦੱਸਿਆ ਅਤੇ ਮਾਫੀ ਮੰਗਣ ਲਈ ਕਿਹਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਕੋਈ ਨਵਾਂ ਨਹੀਂ ਹੈ ਅਤੇ ਇਸ ਸਮੇਂ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਆਪਣੇ ਹਿੱਸੇ ਉੱਤੇ ਪੂਰਾ ਹੱਕ ਹੈ ਅਤੇ ਕੋਈ ਵੀ ਇਸ ਨੂੰ ਖੋਹ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪਾਣੀ ਦੇ ਵਹਾਅ ਅਤੇ ਰਾਜਾਂ ਦੀਆਂ ਜ਼ਰੂਰਤਾਂ ’ਤੇ ਚਰਚਾ ਕਰਨ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨਾਲ ਅੰਤਰ-ਰਾਜੀ ਮੀਟਿੰਗਾਂ ਕਰਨਾ ਇੱਕ ਆਮ ਮਾਮਲਾ ਹੈ ਅਤੇ ਅਜਿਹੀਆਂ ਮੀਟਿੰਗਾਂ ਹਰ ਸਾਲ ਹੁੰਦੀਆਂ ਹਨ, ਪਰ ਹੁਣ ਇਸ ਮੁੱਦੇ ਨੂੰ ਉਠਾਉਣਾ ਨਿੰਦਣਯੋਗ ਹੈ।