ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੈਨੇਡਾ ਦੀਆਂ ਸੰਘੀ ਚੋਣਾਂ ਵਿਚ ਵੱਡੀ ਗਿਣਤੀ ਪੰਜਾਬੀ ਖਾਸ ਕਰ ਸਿੱਖ ਆਗੂਆਂ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਵਿਦੇਸ਼ਾਂ ਵਿਚ ਆਪਣੀ ਲਿਆਕਤ ਤੇ ਸਖ਼ਤ ਮਿਹਨਤ ਨਾਲ ਸਿੱਖ ਭਾਈਚਾਰੇ ਦੇ ਲੋਕ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੀਆ ਕੈਨੇਡਾ ਚੋਣਾਂ ਦਾ ਨਤੀਜਾ ਇਸ ਗੱਲ ਦਾ ਤੱਥ ਹੈ ਕਿ ਸਿੱਖ ਅੱਜ ਸਮੁੱਚੀ ਦੁਨੀਆ ਅੰਦਰ ਚੜ੍ਹਦੀ ਕਲਾ ਨਾਲ ਕਾਰਜ ਕਰ ਰਹੇ ਹਨ ਤੇ ਹਰ ਖੇਤਰ ਵਿਚ ਨਾਮਣਾ ਖੱਟ ਰਹੇ ਹਨ। ਉਨ੍ਹਾਂ ਜਿੱਤਣ ਵਾਲੇ ਸਮੂਹ ਪੰਜਾਬੀ ਤੇ ਸਿੱਖ ਆਗੂਆਂ ਨੂੰ ਕੈਨੇਡਾ ਵਿਚ ਆਪਣੀ ਮੂਲ ਪਛਾਣ ਕਾਇਮ ਰੱਖਦਿਆਂ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।
ਜਥੇਦਾਰ ਨੇ ਕਿਹਾ ਕਿ ਸਾਰੇ ਚੁਣੇ ਗਏ ਪੰਜਾਬੀ ਤੇ ਸਿੱਖ ਨੁਮਾਇੰਦਿਆਂ ਨੂੰ ਕੈਨੇਡਾ ਅੰਦਰ ਸਥਾਨਕ ਲੋਕਾਂ ਦੇ ਨਾਲ-ਨਾਲ ਆਪਣੇ ਭਾਈਚਾਰੇ ਦੇ ਸਰੋਕਾਰਾਂ ਦੀ ਤਰਜਮਾਨੀ ਵੀ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ਨੂੰ ਵੀ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਵਧਾਈ ਦਿੱਤੀ।