ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚੋਂ ਵਿਦੇਸ਼ੀ ਪਿਸਟਲ ਅਤੇ ਟੁੱਟੀ ਹਾਲਤ ਵਿਚ ਡ੍ਰੋਨ ਬਰਾਮਦ ਕੀਤਾ ਹੈ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਪੁਲਿਸ ਨੇ ਥਾਣਾ ਖਾਲੜਾ ’ਚ ਅਸਲ੍ਹਾ ਅਤੇ ਏਅਰ ਕਰਾਫਟ ਐਕਟ ਦੇ ਤਹਿਤ 2 ਮੁਕੱਦਮੇ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਚਰਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਵਾਂ ਤਾਰਾ ਸਿੰਘ ਦੇ ਕਣਕ ਦੇ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ, ਜਿਸ ਦੇ ਚੱਲਦਿਆਂ ਥਾਣਾ ਖਾਲੜਾ ਦੇ ਏਐੱਸਆਈ ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਬੀਓਪੀ ਵਾਂ ਤਾਰਾ ਸਿੰਘ ਦੇ ਕੰਪਨੀ ਕਮਾਂਡਰ ਐੱਸਐੱਸ ਮੀਨਾ ਨੂੰ ਸੂਚਿਤ ਕੀਤਾ।
ਬੀਐੱਸਐੱਫ ਦੇ ਅਧਿਕਾਰੀਆਂ ਸਮੇਤ ਤਲਾਸ਼ੀ ਦੌਰਾਨ ਉਕਤ ਪੈਕੇਟ ਬਰਾਮਦ ਕੀਤਾ, ਜਿਸ ਨਾਲ ਤਾਂਬੇ ਦੀ ਤਾਰ ਦੀ ਕੁੰਡੀ ਵੀ ਲੱਗੀ ਹੋਈ ਸੀ। ਪੈਕੇਟ ਵਿੱਚੋਂ ਆਸਟਰੀਆ ਦਾ ਬਣਿਆ ਗਲੌਕ ਪਿਸਟਲ, ਮੈਗਜੀਨ ਅਤੇ ਤਿੰਨ ਕਾਰਤੂਸ ਬਰਾਮਦ ਹੋਏ। ਇਸੇ ਤਰ੍ਹਾਂ ਹੀ ਮੱਖਣ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਵਾਂ ਤਾਰਾ ਸਿੰਘ ਦੀ ਜਮੀਨ, ਜੋ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਠੇਕੇ ’ਤੇ ਲਈ ਹੋਈ ਹੈ ਦੇ ਕਣਕ ਦੇ ਖੇਤ ਵਿੱਚੋਂ ਡੀਜੇਆਈ ਏਅਰ 3 ਐੱਸ ਡਰੋਨ ਜੋ ਟੁੱਟੀ ਹਾਲਤ ਵਿਚ ਬਰਾਮਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹਨ ਪਰ ਜਲਦ ਉਨ੍ਹਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।