ਬਠਿੰਡਾ: ਬੀੜ ਤਲਾਬ ਬਸਤੀ ‘ਚ ਨਸ਼ਾ ਵੇਚਣ ਤੋਂ ਰੋਕਣ ‘ਤੇ ਇਕ ਨੌਵਾਨ ਨੂੰ ਵੀਰਵਾਰ ਸ਼ਾਮ ਨੂੰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਜ਼ਖਮੀ ਯੁਵਕ ਨੂੰ ਏਮਸ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਸ਼ੁੱਕਰਵਾਰ ਸਵੇਰੇ ਜਦੋਂ ਪੁਲਿਸ ਇਨ੍ਹਾਂ ਨਸ਼ਾ ਤਸਕਰਾਂ ਨੂੰ ਫੜਨ ਪਹੁੰਚੀ ਤਾਂ ਸੱਤਾਂ ਨੇ ਬਾਦਲ ਰੋਡ ‘ਤੇ ਸਥਿਤ ਓਵਰਬ੍ਰਿਜ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ‘ਚ ਚਾਰ ਤਸਕਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੇ ਪੈਰਾਂ ਤੇ ਦੋ ਦੇ ਹੱਥਾਂ ‘ਚ ਫ੍ਰੈਕਚਰ ਆਇਆ ਹੈ। ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।
ਡੀਐਸਪੀ ਦੇਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਰੇਲਵੇ ਵਿਭਾਗ ‘ਚ ਤਾਇਨਾਤ ਪ੍ਰੇਮ ਕੁਮਾਰ ਆਪਣਾ ਕੰਮ ਖਤਮ ਕਰ ਕੇ ਬਸਤੀ ਬੀੜ ਤਲਾਬ ‘ਚ ਆਪਣੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਏਆਰਓ ਗਰਾਊਂਡ ਨੇੜੇ ਪਹੁੰਚਿਆ ਤਾਂ ਮੁਲਜ਼ਮ ਪਵਨ ਕੁਮਾਰ ਉਰਫ਼ ਸੁੱਖੀ, ਜਤਿੰਦਰ ਕੁਮਾਰ ਉਰਫ਼ ਬਾਜਾ, ਸੋਨੂੰ ਉਰਫ਼ ਕਲਯੁਗ, ਨਰਿੰਦਰ ਉਰਫ਼ ਕਾਕੂ, ਅਜੈ ਉਰਫ਼ ਬਿੱਲੂ, ਹਨੀ ਉਰਫ਼ ਬੀਜੀ ਅਤੇ ਬਲਵਿੰਦਰ ਸਿੰਘ ਉਰਫ਼ ਬੂਬਮ ਨੇ ਉਸ ‘ਤੇ ਲੋਹੇ ਦੀ ਰਾਡ, ਕਿਰਪਾਨ ਆਦਿ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰੇਮ ਕੁਮਾਰ ‘ਤੇ ਹਮਲਾਵਰਾਂ ਨੇ ਰੰਜਿਸ਼ ਤਹਿਤ ਹਮਲਾ ਕੀਤਾ ਜਦਕਿ ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਪ੍ਰੇਮ ਕੁਮਾਰ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ।