ਜਗਰਾਉਂ: ਜਗਰਾਉਂ ਦੇ ਪਿੰਡ ਅਖਾੜਾ ਵਿੱਚ ਪਿਛਲੇ ਇੱਕ ਸਾਲ ਤੋਂ ਗੈਸ ਫੈਕਟਰੀ ਖਿਲਾਫ਼ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਪੱਕਾ ਮੋਰਚਾ ਅੱਜ ਪੁਲਿਸ ਨੇ ਤੜਕਸਾਰ ਪੁੱਟ ਦਿੱਤਾ। ਅਖਾੜਾ ‘ਚ ਇਸ ਐਕਸ਼ਨ ਨੂੰ ਅੰਜਾਮ ਦੇਣ ਲਈ ਪੰਜਾਬ ਭਰ ਤੋਂ ਹਜ਼ਾਰ ਤੋਂ ਵੱਧ ਪੁਲਿਸ ਫੋਰਸ ਲਾਮ ਲਸ਼ਕਰ ਸਮੇਤ ਸਵੇਰੇ 4 ਵਜੇ ਜਾ ਪੁੱਜੀ। ਪੁਲਿਸ ਨੇ ਪਿੰਡ ਵਿੱਚ ਦਸਤਕ ਦਿੰਦਿਆਂ ਹੀ ਗੈਸ ਫੈਕਟਰੀ ਦੇ ਸਾਹਮਣੇ ਲੱਗੇ ਮੋਰਚੇ ਨੂੰ ਪੁੱਟ ਦਿੱਤਾ ਤੇ ਉੱਥੇ ਮੋਰਚੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਰਾਊਂਡਅੱਪ ਕਰ ਲਿਆ। ਇਸ ਦਾ ਪਿੰਡ ਵਿੱਚ ਪਤਾ ਲੱਗਾ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ ਹਾਲਾਂਕਿ ਪੁਲਿਸ ਨੇ ਲੋਕਾਂ ਨੂੰ ਰੋਕਣ ਲਈ ਚਾਰ ਚੁਫੇਰੇ ਘੇਰਾਬੰਦੀ ਕੀਤੀ ਹੋਈ ਸੀ ਪਰ ਰੋਹ ਦੇ ਚਲਦਿਆਂ ਲੋਕ ਖੇਤਾਂ ਅਤੇ ਹੋਰਾਂ ਰਸਤਿਆਂ ਵਿੱਚੋਂ ਵੱਡੀ ਗਿਣਤੀ ‘ਚ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ। ਵਿਰੋਧ ਲਈ ਜਾ ਪੁੱਜੇ। ਇਸ ਦੌਰਾਨ ਪੁਲਿਸ ਨੂੰ ਬਲ ਪ੍ਰਯੋਗ ਵੀ ਕਰਨਾ ਪਿਆ ਜਿਸ ਵਿੱਚ ਕਈ ਪਿੰਡ ਵਾਸੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਕੱਪੜੇ ਵੀ ਫਟੇ। ਅੱਜ ਅਖਾੜਾ ਵਿੱਚ ਚਾਹੇ ਵੱਡੀ ਪੁਲਿਸ ਫੋਰਸ ਤੈਨਾਤ ਸੀ, ਪਰ ਉਹਨਾਂ ਦੇ ਮੁਕਾਬਲੇ ‘ਚ ਪੂਰਾ ਪਿੰਡ ਇਕਜੁੱਟ ਮੁਕਾਬਲੇ ਵਿੱਚ ਡਟਿਆ ਰਿਹਾ। ਪਿੰਡ ਵਾਸੀਆਂ ਨੇ ਪੁਲਿਸ ਨੂੰ ਦੋ ਟੁੱਕ ਉਹਨਾਂ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਸਾਫ ਕਿਹਾ ਕਿ ਕਿਸੇ ਵੀ ਹਾਲ ਵਿੱਚ ਇਹ ਫੈਕਟਰੀ ਨਹੀਂ ਚੱਲਣ ਦੇਣਗੇ। ਇਸ ਦੇ ਲਈ ਉਹ ਆਰ-ਪਾਰ ਦੀ ਲੜਾਈ ਲੜਦੇ ਜਾਣ ਤੱਕ ਦੇਣ ਲਈ ਤਿਆਰ ਬੈਠੇ ਹਨ। ਅੱਜ ਦੀ ਇਸ ਕਾਰਵਾਈ ਸਬੰਧੀ ਜਗਰਾਉਂ ਪੁਲਿਸ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੋਈ।
ਜਗਰਾਉਂ ਦੇ ਪਿੰਡ ਅਖਾੜਾ ‘ਚ ਗੈਸ ਫੈਕਟਰੀ ਨੂੰ ਲੈ ਕੇ ਪੁਲਿਸ ਤੇ ਪਿੰਡ ਵਾਸੀ ਆਹਮੋ-ਸਾਹਮਣੇ, ਮੋਰਚੇ ਪੁੱਟੇ ਤੇ ਪ੍ਰਦਰਸ਼ਨਕਾਰੀ ਕੀਤੇ ਰਾਊਂਡਅੱਪ
