ਇੱਥੇ ਐਲੀਵੇਟਡ ਰੋਡ ’ਤੇ ਇੱਕ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਟੱਕਰ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਹਿਮਾਚਲ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਕਾਂਗੜਾ ਦੇ ਵਿਸ਼ੇਸ਼ ਸ਼ਰਮਾ, ਹਮੀਰਪੁਰ ਦੇ ਅਭਿਸ਼ੇਕ ਅਤੇ ਵਿਵੇਕ ਸ਼ਰਮਾ ਵਜੋਂ ਹੋਈ ਹੈ।
ਪੁਲੀਸ ਥਾਣਾ ਬੀ ਡਿਵੀਜ਼ਨ ਦੇ ਐਸਐਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਪਤਾ ਲੱਗਾ ਹੈ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਰਫ਼ਤਾਰ ਵਿੱਚ ਸਨ ਅਤੇ ਐਲੀਵੇਟਿਡ ਰੋਡ ‘ਤੇ ਗਲਤ ਪਾਸੇ ਤੋਂ ਆ ਰਹੇ ਸਨ, ਜਿਸ ਕਾਰਨ ਇਹ ਘਟਨਾ ਵਾਪਰੀ।
ਇੱਕ ਪੁਲੀਸ ਮੁਲਾਜ਼ਮ ਜੋ ਨੈਕਸਸ ਮਾਲ ਵਾਲੇ ਪਾਸੇ ਤੋਂ ਆਪਣੀ ਕਾਰ ਰਾਹੀਂ ਸ਼ਹਿਰ ਵਿੱਚ ਦਾਖਲ ਹੋਣ ਲਈ ਆ ਰਿਹਾ ਸੀ, ਨਾਲ ਇਹ ਮੋਟਰਸਾਈਕਲ ਟਕਰਾ ਗਿਆ ਅਤੇ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ।
ਇਹ ਨੌਜਵਾਨ ਜਹਾਜ਼ਗੜ੍ਹ ਇਲਾਕੇ ਦੇ ਨੇੜੇ ਗਲਤ ਪਾਸੇ ਤੋਂ ਐਲੀਵੇਟਿਡ ਰੋਡ ’ਤੇ ਚੜ੍ਹ ਗਏ ਅਤੇ ਬਾਅਦ ਵਿੱਚ ਗਲਤ ਸਾਈਡ ਤੋਂ ਹੀ ਨੈਕਸਸ ਮਾਲ ਵਾਲੇ ਪਾਸੇ ਚਲੇ ਗਏ। ਇਸ ਦੌਰਾਨ ਉਹ ਦੂਜੇ ਪਾਸੇ ਤੋਂ ਆ ਰਹੀ ਕਾਰ ਨਾਲ ਟਕਰਾ ਗਏ।
ਹਾਦਸੇ ਕਾਰਨ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਮੁਰਦਾਖ਼ਾਨੇ ਵਿੱਚ ਰੱਖਿਆ ਗਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਸਾਂ ਦੇ ਪਹੁੰਚਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।