ਪਾਸਟਰ ਅਤੇ 12 ਹੋਰਾਂ ’ਤੇ ਜਬਰ ਜਨਾਹ ਅਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ

ਇਥੇ ਇਕ 22 ਸਾਲਾ ਲੜਕੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਡੇਰਾ ਬਾਬਾ ਨਾਨਕ ਪੁਲੀਸ ਸਟੇਸ਼ਨ ਵਿਚ ਇਕ ਪਾਸਟਰ ਅਤੇ 12 ਹੋਰ ਵਿਅਕਤੀਆਂ ’ਤੇ ਜਬਰ ਜਨਾਹ ਅਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਪਾਸਟਰ ਮਨਜੀਤ ਸਿੰਘ ਨੇ ਉਸਨੂੰ ਕੁੱਟਿਆ ਅਤੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ। ਮਨਜੀਤ ਸਿੰਘ ਤੋਂ ਇਲਾਵਾ ਹੋਰ ਦੋਸ਼ੀ ਉਸਦੇ ਪਿਤਾ ਸਵਾਰ ਮਸੀਹ, ਭੈਣਾਂ ਕਾਜਲ, ਰੀਨਾ ਅਤੇ ਜੀਨਾ, ਪੀੜਤਾ ਦੇ ਚਚੇਰੇ ਭਰਾ, ਨਪਿੰਦਰ ਸਿੰਘ, ਪਰਵੇਜ਼ ਮਸੀਹ, ਹੈਪੀ ਮਸੀਹ, ਰਾਜਿੰਦਰ ਸਿੰਘ ਅਤੇ ਰਿਮੀ ਹਨ। ਦੋ ਅਣਪਛਾਤੇ ਵਿਅਕਤੀਆਂ ’ਤੇ ਵੀ ਕੇਸ ਦਰਜ ਕੀਤਾ ਗਿਆ ਹੈ।

ਸੂਬੇ ਦੀ ਇਹ ਤੀਜੀ ਘਟਨਾ ਹੈ ਜਿਸ ਵਿਚ ਈਸਾਈ ਪਾਸਟਰ ਸ਼ਾਮਲ ਹਨ। ਇਸ ਤੋਂ ਪਹਿਲਾਂ ਮੋਹਾਲੀ ਦੇ ਬਜਿੰਦਰ ਸਿੰਘ ਨੂੰ ਜਬਰ ਜਨਾਹ ਦੇ ਦੋਸ਼ਾਂ ਵਿਚ ਸਜ਼ਾ ਸੁਣਾਈ ਗਈ ਸੀ। ਇਕ ਹੋਰ ਕੇਸ ਵਿਚ ਗੁਰਦਾਸਪੁਰ ਦੇ ਜਸ਼ਨ ਗਿੱਲ ਨੂੰ ਇਸੇ ਤਰ੍ਹਾਂ ਦੇ ਅਪਰਾਧਾਂ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਡੇਰਾ ਬਾਬਾ ਨਾਨਕ ਪੁਲੀਸ ਸਟੇਸ਼ਨ ਵਿਚ ਦਰਜ ਕੀਤੀ ਗਈ ਐੱਫਆਈਆਰ ਵਿਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 70, 127 (4) ਅਤੇ 61 (2) ਲਗਾਈਆਂ ਗਈਆਂ ਹਨ।

ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ਵਿਚ ਕਿਹਾ, “ਸਵਰ ਮਸੀਹ ਨੇ ਮੇਰੇ ਚਚੇਰੇ ਭਰਾ ਨਪਿੰਦਰ ਸਿੰਘ ਤੋਂ ਮੇਰੀ ਆਈਡੀ ਪ੍ਰਾਪਤ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੋਂ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 19 ਜਨਵਰੀ ਨੂੰ ਸਵਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਮੇਰੇ ਘਰੋਂ ਅਗਵਾ ਕਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਧਮਕੀਆਂ ਦਿੱਤੀਆਂ।’’ ਸ਼ਿਕਾਇਤਕਰਤਾ ਨੇ ਕਿਹਾ, ‘‘ਬਾਅਦ ਵਿਚ, ਉਹ ਮੈਨੂੰ ਇੱਕ ਅਣਜਾਣ ਜਗ੍ਹਾ ’ਤੇ ਲੈ ਗਏ ਜਿੱਥੇ ਮੈਨੂੰ ਤਿੰਨ ਮਹੀਨਿਆਂ ਤੱਕ ਰੱਖਿਆ ਗਿਆ ਅਤੇ ਵਾਰ-ਵਾਰ ਜਬਰ ਜਨਾਹ ਕੀਤਾ ਗਿਆ। ਪਾਦਰੀ ਮਨਜੀਤ ਸਿੰਘ ਵੀ ਉੱਥੇ ਆਏ ਅਤੇ ਕਿਹਾ ਕਿ ਹੁਣ ਤੋਂ ਮੈਂ ਇੱਕ ਈਸਾਈ ਹਾਂ।’’ ਪੀੜਤਾ ਨੇ ਕਿਹਾ ਕਿ, ‘‘ਕਿਸੇ ਤਰ੍ਹਾਂ ਮੈਂ 13 ਅਪ੍ਰੈਲ ਨੂੰ ਭੱਜਣ ਵਿਚ ਕਾਮਯਾਬ ਹੋ ਗਈ ਜਦੋਂ ਸਵਰ ਅਤੇ ਉਸਦਾ ਪਰਿਵਾਰ ਬਾਹਰ ਚਲੇ ਗਏ ਸਨ ਅਤੇ ਮੈਨੂੰ ਘਰ ਦੇ ਅੰਦਰ ਬੰਦ ਕਰਨਾ ਭੁੱਲ ਗਏ ਸਨ।”

ਇਸ ਮਾਮਲੇ ਸਬੰਧੀ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ, “ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮੈਂ ਕਈ ਟੀਮਾਂ ਬਣਾਈਆਂ ਹਨ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਫੜ ਲਵਾਂਗੇ।”

Leave a Reply

Your email address will not be published. Required fields are marked *