ਚੰਡੀਗੜ੍ਹ – : ਇਸ ਵਾਰ ਜ਼ਿਆਦਾ ਸਪੈੱਲ ਨਾ ਆਉਣ ਜਾਂ ਕਮਜ਼ੋਰ ਪੱਛਮੀ ਗੜਬੜੀ ਦੇ ਕਾਰਨ ਸਰਦੀਆਂ ‘ਚ ਬਾਰਸ਼ ਬਹੁਤ ਘੱਟ ਹੋਈ ਪਰ ਹੁਣ ਲਗਾਤਾਰ ਆ ਰਹੇ ਪੱਛਮੀ ਗੜਬੜੀ ਦੇ ਸਪੈੱਲ ਘੱਟ ਤੋਂ ਘੱਟ ਚੰਡੀਗੜ੍ਹ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਗਰਮੀ ਦੀ ਤਪਿਸ਼ ਆਉਣ ਤੋਂ ਰੋਕ ਰਹੇ ਹਨ। ਪਿਛਲੇ ਹਫ਼ਤੇ ਦੇ ਅਖ਼ੀਰ ‘ਚ ਅਜਿਹੇ ਹੀ ਇਕ ਸਪੈੱਲ ਨਾਲ ਹੋਈ ਬਾਰਸ਼ ਤੋਂ ਬਾਅਦ ਪੱਛਮੀ ਗੜਬੜੀ ਦਾ ਇਕ ਹੋਰ ਸਪੈੱਲ ਸ਼ਹਿਰ ਦੇ ਤਾਪਮਾਨ ਨੂੰ ਫਿਲਹਾਲ ਵੱਧਣ ਤੋਂ ਰੋਕੇਗਾ।
ਪਿਛਲੇ ਦਿਨੀਂ ਹੋਈ ਬਾਰਸ਼ ਤੋਂ ਬਾਅਦ ਹਾਲੇ ਤਾਪਮਾਨ 35 ਡਿਗਰੀ ਤੋਂ ਉੱਪਰ ਨਹੀਂ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਵੀ ਪਾਰਾ 37 ਡਿਗਰੀ ਤੋਂ ਹੇਠਾ ਹੀ ਰਹੇਗਾ, ਕਿਉਂਕਿ ਇਸ ਹਫ਼ਤੇ ਦੇ ਅਖ਼ੀਰ ‘ਚ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਫਿਰ ਸ਼ਹਿਰ ‘ਚ ਬੱਦਲਾਂ ਨੂੰ ਲੈ ਕੇ ਆ ਰਹੀ ਹੈ। ਇਸ ਸਪੈੱਲ ਨਾਲ ਆਸ-ਪਾਸ ਦੇ ਪਹਾੜੀ ਇਲਾਕਿਆਂ ‘ਚ ਹੋਣ ਵਾਲੀ ਬਾਰਸ਼ ਨਾਲ ਸ਼ਹਿਰ ਨੂੰ ਵੀ ਗਰਮੀ ਤੋਂ ਰਾਹਤ ਰਹੇਗੀ ਅਤੇ ਲੋਕਾਂ ਦੇ ਵੀਕੈਂਡ ‘ਤੇ ਇਸ ਮੌਸਮ ਦੌਰਾਨ ਘੁੰਮਣ-ਫਿਰਨ ਦੇ ਨਜ਼ਾਰੇ ਲੱਗ ਜਾਣਗੇ।
18 ਅਪ੍ਰੈਲ ਤੋਂ ਪੱਛਮੀ ਗੜਬੜੀ ਦਾ ਨਵਾਂ ਸਪੈੱਲ
ਮੌਸਮ ਵਿਭਾਗ ਦੀ ਸੈਟੇਲਾਈਟ ਤਸਵੀਰਾਂ ਅਤੇ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਦੇ ਅਨੁਸਾਰ 18 ਅਪ੍ਰੈਲ ਸ਼ੁੱਕਰਵਾਰ ਤੋਂ ਪਹਾੜਾਂ ‘ਚ ਪੱਛਮੀ ਗੜਬੜੀ ਫਿਰ ਸਰਗਰਮ ਹੋ ਰਹੀ ਹੈ। ਤਿੰਨ ਦਿਨਾਂ ਤੱਕ ਸਰਗਰਮ ਰਹਿਣ ਵਾਲੇ ਇਸ ਸਪੈੱਲ ਨਾਲ ਪਹਾੜਾਂ ਦੇ ਉੱਚੇ ਇਲਾਕਿਆਂ ‘ਚ ਬਰਫ਼ ਦੇ ਨਾਲ ਹੇਠਲੇ ਇਲਾਕਿਆਂ ‘ਚ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਸਪੈੱਲ ਦੇ ਕਾਰਨ ਚੰਡੀਗੜ੍ਹ ਅਤੇ ਆਸ-ਪਾਸ ਸ਼ੁੱਕਰਵਾਰ ਤੋਂ ਐਤਵਾਰ ਦੇ ਵਿਚਕਾਰ ਬੱਦਲ ਛਾਏ ਰਹਿਣ ਦੇ ਨਾਲ ਤੇਜ਼ ਧੂੜ ਭਰੀ ਹਨ੍ਹੇਰੀ ਚੱਲੇਗੀ। ਇਸੇ ਦੌਰਾਨ ਬੱਦਲਾਂ ਦੀ ਗਰਜ ਦੇ ਨਾਲ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ‘ਚ ਹੋਣ ਵਾਲੇ ਇਸ ਬਦਲਾਅ ਨਾਲ 23 ਤੋਂ 24 ਅਪ੍ਰੈਲ ਤੱਕ ਸ਼ਹਿਰ ਦਾ ਤਾਪਮਾਨ 39 ਡਿਗਰੀ ਤੋਂ ਹੇਠਾ ਹੀ ਰਹੇਗਾ।