ਮੋਹਾਲੀ : ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਗਏ ਬੰਬਾਂ ਵਾਲੇ ਬਿਆਨ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਅੱਜ ਮੋਹਾਲੀ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਅਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ ਅਤੇ ਬਾਜਵਾ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਬੰਬ ਕਿੱਥੋਂ ਅਤੇ ਕਿਵੇਂ ਆਏ ਹਨ। ਪਾਰਟੀ ਵਲੋਂ ਬਾਜਵਾ ਦੇ ਇਸ ਬਿਆਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਗਿਆ ਸੀ ਕਿ ਪੰਜਾਬ ‘ਚ 50 ਗ੍ਰਨੇਡ ਆਏ ਹਨ। ਇਨ੍ਹਾਂ ‘ਚੋਂ 18 ਚੱਲ ਚੁੱਕੇ ਹਨ ਅਤੇ 32 ਅਜੇ ਬਾਕੀ ਹਨ। ਇਸ ਬਿਆਨ ਤੋਂ ਬਾਅਦ ਪੂਰੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ ਅਤੇ ‘ਆਮ ਆਦਮੀ ਪਾਰਟੀ’ ਵਲੋਂ ਬਾਜਵਾ ਦੇ ਇਸ ਬਿਆਨ ਖ਼ਿਲਾਫ਼ ਅੱਜ ਧਰਨਾ ਲਾਇਆ ਗਿਆ ਹੈ।