ਲੁਧਿਆਣਾ ਪੁਲਸ ਵੱਲੋਂ ਚੋਰੀ ਦੇ 5 ਮੋਟਰਸਾਈਕਲਾਂ ਤੇ 12 ਮੋਬਾਈਲਾਂ ਸਮੇਤ 3 ਕਾਬੂ

ਲੁਧਿਆਣਾ – ਥਾਣਾ ਜੋਧੇਵਾਲ ਨੇ ਗਲਤ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਅਤੇ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ। ਏ. ਡੀ. ਸੀ. ਪੀ.-1 ਜਗਵਿੰਦਰ ਸਿੰਘ ਅਤੇ ਏ. ਸੀ. ਪੀ. ਉੱਤਰੀ ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਥਾਣਾ ਜੋਧੇਵਾਲ ਇੰਚਾਰਜ ਇੰਸ. ਜਸਬੀਰ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਸ਼ਿਵਪੁਰੀ ਚੌਕ ਨੂਰਵਾਲਾ ਰੋਡ ’ਤੇ ਰਿਤਿਕ ਮਿਸ਼ਰਾ ਪੁੱਤਰ ਸੁਸ਼ੀਲ ਮਿਸ਼ਰਾ ਵਾਸੀ ਕਾਲੀ ਸੜਕ, ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨੂਰਵਾਲਾ ਰੋਡ ਅਤੇ ਦੀਪਕ ਕੁਮਾਰ ਰਾਜੂ ਪੁੱਤਰ ਪਰਮਪਾਲ ਬਿੱਟੂ ਵਰਮਾ ਵਾਸੀ ਮੱਖਣ ਹਵਾਈ ਲੱਡੂ ਕਾਲੋਨੀ ਨੂੰ ਕਾਬੂ ਕੀਤਾ ਹੈ।

ਮੁਲਜ਼ਮਾਂ ਖ਼ਿਲਾਫ਼ ਥਾਣਾ ਜੋਧੇਵਾਲ ’ਚ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ 5 ਮੋਟਰਸਾਈਕਲ ਤੇ 12 ਮੋਬਾਈਲ ਬਰਾਮਦ ਕੀਤੇ ਹਨ। ਏ. ਡੀ. ਸੀ. ਪੀ. ਜਗਵਿੰਦਰ ਸਿੰਘ ਅਤੇ ਏ. ਸੀ. ਪੀ. ਨਾਰਥ ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਰਹੇ ਸਨ।

ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਸ਼ਿਮਲਾ ਕਾਲੋਨੀ ਕੈਲਾਸ਼ ਨਗਰ ਰੋਡ ਕੋਲ ਇਕ ਵਿਅਕਤੀ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟਿਆ ਗਿਆ ਸੀ, ਜਿਸ ਦੀ ਉਥੇ ਗਲੀ ’ਚ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਵੀਡੀਓ ਰਿਕਾਰਡ ਹੋ ਗਈ, ਜਿਸ ਤੋਂ ਬਾਅਦ ਉਕਤ ਵੀਡੀਓ ਰਿਕਾਰਡਿੰਗ ਪੁਲਸ ਕੋਲ ਪੁੱਜੀ। ਪੁਲਸ ਨੇ ਉਕਤ ਰਿਕਾਰਡਿੰਗ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਤਿੰਨੋਂ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਉਕਤ ਇਲਾਕੇ ’ਚ ਕਈ ਦਰਜਨ ਲੋਕਾਂ ਨਾਲ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਏ. ਡੀ. ਸੀ. ਪੀ. ਜਗਵਿੰਦਰ ਸਿੰਘ ਅਤੇ ਏ. ਸੀ. ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਿਤਿਕ ਮਿਸ਼ਰਾ ’ਤੇ ਪਹਿਲਾਂ ਵੀ ਥਾਣਾ ਮੇਹਰਬਾਨ, ਥਾਣਾ ਬਸਤੀ ਜੋਧੇਵਾਲ ਅਤੇ ਥਾਣਾ ਟਿੱਬਾ ’ਚ ਲੁੱਟ ਅਤੇ ਚੋਰੀ ਦੇ 3 ਮਾਮਲੇ ਦਰਜ ਹਨ। ਦਵਿੰਦਰ ਸਿੰਘ ’ਤੇ ਥਾਣਾ ਸਲੇਮ ਟਾਬਰੀ ਥਾਣਾ ਜੋਧੇਵਾਲ, ਥਾਣਾ ਟਿੱਬਾ, ਥਾਣਾ ਮੇਹਰਬਾਨ ’ਚ ਚੋਰੀ ਅਤੇ ਲੁੱਟ ਦੇ 5 ਮਾਮਲੇ ਦਰਜ ਹਨ, ਜਿਸ ਵਿਚ ਦੋਵੇ ਮੁਲਜ਼ਮ ਜੇਲ੍ਹ ਤੋਂ ਜ਼ਮਾਨਤ ’ਤੇ ਬਹਾਰ ਆਏ ਹੋਏ ਹਨ। ਜੇਲ ਤੋਂ ਜ਼ਮਾਨਤ ਹੋਣ ਤੋਂ ਬਾਅਦ ਫਿਰ ਤੋਂ ਦੋਵੇਂ ਮੁਲਜ਼ਮਾਂ ਨੇ ਆਪਣੇ ਨਾਲ ਦੀਪਕ ਕੁਮਾਰ ਨੂੰ ਮਿਲਾ ਕੇ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।

Leave a Reply

Your email address will not be published. Required fields are marked *