ਤਪਾ ਮੰਡੀ ਨਜ਼ਦੀਕ ਪਿੰਡ ਢਿੱਲਵਾਂ ਵਿਖੇ ਲੱਗੇ ਵਿਸਾਖੀ ਮੇਲੇ ਤੋਂ ਬੀਤੀ ਰਾਤ ਵਾਪਸ ਆ ਰਹੇ ਤਪਾ-ਢਿਲਵਾਂ ਰੋਡ ‘ਤੇ ਇੱਕ ਸਕੂਲ ਨਜ਼ਦੀਕ 2 ਰੇਹੜੀ ਵਾਲਿਆਂ ਨਾਲ ਸਕਾਰਪੀਓ ਗੱਡੀ ਟਕਰਾਉਣ ਕਾਰਨ ਇੱਕ ਰੇਹੜੀ ਵਾਲੇ ਦੀ ਮੋਤ ਤੇ 2 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀ ਕਹਿਰ ਦੀ ਗਰਮੀ ‘ਚ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਨਜ਼ਦੀਕੀ ਪਿੰਡ ਢਿਲਵਾਂ ਵਿਖੇ ਵਿਸਾਖੀ ਦੇ ਮੇਲੇ ਦੌਰਾਨ ਸ਼ਾਮ ਸਮੇਂ ਰੇਹੜੀ ਲਗਾ ਕੇ ਵਾਪਸ ਤਪਾ ਪਰਤ ਰਹੇ ਕੁਲਚਿਆਂ ਦੀ ਰੇਹੜੀ ਵਾਲਾ ਰਾਜੂ ਪੁੱਤਰ ਰਾਮ ਸਰੂਪ ਤੇ ਚੂੜੀਆਂ ਦੀ ਰੇਹੜੀ ਵਾਲਾ ਪੱਪੂ ਪੁੱਤਰ ਰਾਮ ਲਖਨ ਵਾਸੀਆਨ ਤਪਾ ਜਦ ਢਿਲਵਾਂ ਲਿੰਕ ਰੋਡ ਤੇ ਇੱਕ ਨਿੱਜੀ ਸਕੂਲ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਇੱਕ ਸਕਾਰਪੀਓ ਗੱਡੀ ਚਾਲਕ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਰੇਹੜੀਆਂ ‘ਤੇ ਪਿਆ ਹੋਇਆ ਸਮਾਨ ਦੂਰ ਤੱਕ ਖਿੱਲਰ ਗਿਆ ਤੇ ਦੋਨੋਂ ਰੇਹੜੀ ਚਾਲਕਾਂ ਸਣੇ ਗੱਡੀ ਚਾਲਕ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ।ਘਟਨਾ ਦੀ ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰ ਮੌਕੇ ਤੇ ਪੁੱਜੇ, ਜਿਨਾਂ ਜ਼ਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ।
ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਗੰਭੀਰ ਜਖਮੀਆਂ ਨੂੰ ਬਾਹਰ ਰੈਫਰ ਕਰ ਦਿੱਤਾ ਪਰ ਰਾਜੂ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਮ੍ਰਿਤਕ ਰਾਜੂ ਅਪਣੇ ਪਿੱਛੇ ਅੰਗਹੀਣ ਪਤਨੀ ਨੂੰ ਛੱਡ ਗਿਆ। ਇਸ ਸਬੰਧੀ ਜਦ ਐਡੀਸ਼ਨਲ ਥਾਣਾ ਮੁਖੀ ਰੇਣੂ ਪਰੋਚਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ‘ਚੋਂ ਰੁਕੇ ਮਿਲ ਗਏ ਹਨ ਜਿਨ੍ਹਾਂ ‘ਚੋਂ ਰਾਜੂ ਨਾਮਕ ਕੁਲਚਿਆਂ ਵਾਲੇ ਦੀ ਮੋਤ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਕਲਮਬਧ ਕਰਵਾਏ ਜਾਣਗੇ ਉਪਰੰਤ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।