ਉੱਘੇ ਅਦਾਕਾਰ ਤੇ ਫ਼ਿਲਮਸਾਜ਼ ਮਨੋਜ ਕੁਮਾਰ ਦਾ ਸ਼ੁੱਕਰਵਾਰ ਵੱਡੇ ਤੜਕੇ ਮੁੰਬਈ ਦੇ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਅਦਾਕਾਰ ‘ਸ਼ਹੀਦ’, ‘ਉਪਕਾਰ’ ਅਤੇ ‘ਪੂਰਬ ਔਰ ਪੱਛਮ’ ਜਿਹੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਕਰਕੇ ‘ਭਾਰਤ ਕੁਮਾਰ’ ਦੇ ਨਾਂ ਨਾਲ ਵੀ ਮਕਬੂਲ ਸੀ। ਅਦਾਕਾਰ ਨੇ 1960ਵਿਆਂ ਦੇ ਅਖੀਰ ਤੇ 1970 ਦੇ ਦਹਾਕੇ ਦੌਰਾਨ ਕਈ ਸ਼ਾਨਦਾਰ ਫ਼ਿਲਮਾਂ ਨਾਲ ਬਾਕਸ ਆਫਿਸ ’ਤੇ ਰਾਜ ਕੀਤਾ। ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਤੇ ਵਡੇਰੀ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਿਹਾ ਸੀ।
ਮਨੋਜ ਕੁਮਾਰ ਦੇ ਪਰਿਵਾਰਕ ਦੋਸਤ ਤੇ ਫ਼ਿਲਮਸਾਜ਼ ਅਸ਼ੋਕ ਪੰਡਿਤ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਫ਼ਿਲਮਸਾਜ਼ ਨੇ ਸ਼ੁੱਕਰਵਾਰ ਵੱਡੇ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਚ ਆਖਰੀ ਸਾਹ ਲਏ। ਹਸਪਤਾਲ ਦੇ ਸੀਈਓ ਤੇ ਕਾਰਜਕਾਰੀ ਡਾਇਰੈਕਟਰ ਡਾ. ਸੰਤੋਸ਼ ਸ਼ੈੱਟੀ ਨੇ ਕਿਹਾ, ‘‘ਅਦਾਕਾਰ ਤੇ ਫ਼ਿਲਮਸਾਜ਼ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿਚ ਦਾਖ਼ਲ ਸੀ।’’ ਫ਼ਿਲਮਸਾਜ਼ ਦੇ ਪੁੱਤਰ ਕੁਨਾਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਦੇ ਪਿਤਾ ਕਈ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ ਤੇ ਪਿਛਲੇ ਕੁਝ ਸਾਲਾਂ ਤੋਂ ਮੰਜੇ ’ਤੇ ਹੀ ਸਨ। ਇਸ ਦੌਰਾਨ ਉਨ੍ਹਾਂ ਦਾ ਹਸਪਤਾਲ ਆਉਣਾ ਜਾਣਾ ਲੱਗਿਆ ਰਿਹਾ ਤੇ ਹਾਲ ਹੀ ਵਿਚ ਉਨ੍ਹਾਂ ਨੂੰ ਨਿਮੋਨੀਆ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਤੇ ਫਿਲਮਸਾਜ਼ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ‘ਭਾਰਤੀ ਸਿਨੇਮਾ ਦਾ ਪ੍ਰਤੀਕ’ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਮਹਾਨ ਅਦਾਕਾਰ ਅਤੇ ਫਿਲਮ ਨਿਰਮਾਤਾ ਸ੍ਰੀ ਮਨੋਜ ਕੁਮਾਰ ਜੀ ਦੇ ਦੇਹਾਂਤ ’ਤੇ ਬਹੁਤ ਦੁੱਖ ਹੋਇਆ। ਉਹ ਭਾਰਤੀ ਸਿਨੇਮਾ ਦੇ ਪ੍ਰਤੀਕ ਸਨ, ਜਿਨ੍ਹਾਂ ਨੂੰ ਖਾਸ ਤੌਰ ’ਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜੋਸ਼ ਲਈ ਯਾਦ ਕੀਤਾ ਜਾਂਦਾ ਸੀ, ਜੋ ਉਨ੍ਹਾਂ ਦੀਆਂ ਫਿਲਮਾਂ ਵਿੱਚ ਵੀ ਝਲਕਦਾ ਸੀ। ਮਨੋਜ ਜੀ ਦੇ ਕੰਮਾਂ ਨੇ ਰਾਸ਼ਟਰੀ ਸਵੈਮਾਣ ਦੀ ਭਾਵਨਾ ਨੂੰ ਜਗਾਇਆ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।’’