ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ(FEMA) ਦੀ ਧਾਰਾ 4 ਦੀ ਉਲੰਘਣਾ ਲਈ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਦੇ ਦੋਸ਼ ਵਿੱਚ ਰਾਣਾ ਸ਼ੂਗਰਜ਼ ਲਿਮਟਿਡ ਦੀਆਂ 22.02 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ।
ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਅਤੇ ਕਾਂਗਰਸ ਦੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਇਸ ਕੰਪਨੀ ਦੇ ਐੱਮਡੀ ਹਨ। ਈਡੀ ਨੇ ਫੇਮਾ ਦੇ ਉਪਬੰਧਾਂ ਦੀ ਧਾਰਾ 37ਏ ਦੇ ਤਹਿਤ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਜ਼ਿਕਰਯੋਗ ਹੈ ਕਿ ਈਡੀ ਰਾਣਾ ਸ਼ੂਗਰਜ਼ ਲਿਮਟਿਡ, ਇਸ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਗਲੋਬਲ ਡਿਪਾਜ਼ਿਟਰੀ ਰਸੀਦਾਂ (ਜੀਡੀਆਰ) ਜਾਰੀ ਕਰਨ ਅਤੇ ਪੂਰੀ ਜੀਡੀਆਰ ਕਮਾਈ ਦੀ ਆਪਣੇ ਉਦੇਸ਼ ਲਈ ਵਰਤੋਂ ਨਾ ਕਰਨ ਦੇ ਸਬੰਧ ਵਿੱਚ ਕੇਸ ਦੀ ਪੈਰਵੀ ਕਰ ਰਿਹਾ ਸੀ।
ਈਡੀ ਦੀ ਜਾਂਚ ਤੋਂ ਪਤਾ ਲੱਗਾ ਕਿ ਕੁੱਲ ਜੀਡੀਆਰ ਪ੍ਰਾਪਤੀਆਂ ਵਿੱਚੋਂ ਮੈਸਰਜ਼ ਰਾਣਾ ਸ਼ੂਗਰਜ਼ ਲਿਮਟਿਡ ਨੇ ਜੀਡੀਆਰ ਦੀ ਪੂਰੀ ਕਮਾਈ ਭਾਰਤ ਵਾਪਸ ਨਹੀਂ ਭੇਜੀ ਅਤੇ 2.56 ਮਿਲੀਅਨ ਅਮਰੀਕੀ ਡਾਲਰ (22.02 ਕਰੋੜ ਰੁਪਏ) ਦੀ ਜੀਡੀਆਰ ਦੀ ਕਮਾਈ ਭਾਰਤ ਤੋਂ ਬਾਹਰ ਰੱਖੀ। ਈਡੀ ਦਸੰਬਰ 2017 ਤੋਂ ਇਸ ਮਾਮਲੇ ਬਾਰੇ ਪੁੱਛਗਿੱਛ ਕਰ ਰਹੀ ਸੀ। ਰਾਣਾ ਇੰਦਰ ਪ੍ਰਤਾਪ ਨੂੰ ਈਡੀ ਨੇ ਜਨਵਰੀ 2018 ਵਿਚ ਇਸ ਮਾਮਲੇ ’ਚ ਤਲਬ ਕਰਦਿਆਂ ਛੇ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛ ਪੜਤਾਲ ਕੀਤੀ ਸੀ।
ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (SEBI) ਨੇ ਈਡੀ ਨੂੰ ਸੂਚਿਤ ਕੀਤਾ ਕਿ ਇਹ ਪੈਸਾ ਉਸ ਨੂੰ ਸੂਚਿਤ ਕੀਤੇ ਬਿਨਾਂ ਇਕੱਠਾ ਕੀਤਾ ਗਿਆ ਸੀ ਅਤੇ ਇਹ ਫੇਮਾ ਦੀ ਸਪੱਸ਼ਟ ਉਲੰਘਣਾ ਸੀ। ਸੇਬੀ ਨੇ ਰਾਣਾ ਸ਼ੂਗਰਜ਼ ਲਿਮਟਿਡ ’ਤੇ 63 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਆਮਦਨ ਕਰ ਵਿਭਾਗ ਨੇ ਵੀ ਦੋ ਮਹੀਨੇ ਪਹਿਲਾਂ ਰਾਣਾ ਦੇ 35 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇ ਲਗਾਤਾਰ ਪੰਜ ਦਿਨਾਂ ਤੱਕ ਮਾਰੇ ਗਏ ਸਨ।