ਪਾਂਗੀ- ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਜਨਜਾਤੀ ਖੇਤਰ ਪਾਂਗੀ ਵਿਚ 2 ਵੱਖ-ਵੱਖ ਥਾਵਾਂ ’ਤੇ ਗਲੇਸ਼ੀਅਰ ਡਿੱਗੇ। ਇਸ ਨਾਲ 2 ਪਿੰਡਾਂ ਦਾ ਸੰਪਰਕ ਕੱਟਿਆ ਗਿਆ ਹੈ, ਉਥੇ ਹੀ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਨੁਕਸਾਨੀਆਂ ਗਈਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਸ਼ੁੱਕਰਵਾਰ ਸਵੇਰੇ ਗ੍ਰਾਮ ਪੰਚਾਇਤ ਫਿੰਡਰੂ ਦੇ ਫਿੰਡਪਾਰ ਪਿੰਡ ਵਿਚ ਹੁਰਾਡ ਨਾਲੇ ਵਿਚ ਗਲੇਸ਼ੀਅਰ ਆ ਗਿਆ। ਇਸ ਨਾਲ ਪਿੰਡ ਦੇ 120 ਘਰਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਨੁਕਸਾਨੀਆਂ ਗਈਆਂ। ਲੋਕ ਬਰਫ਼ ਪਿਘਲਾ ਕੇ ਪਾਣੀ ਦਾ ਪ੍ਰਬੰਧ ਕਰ ਰਹੇ ਹਨ। ਦੂਜੇ ਪਾਸੇ ਗ੍ਰਾਮ ਪੰਚਾਇਤ ਮਿੰਧਲ ਦੇ ਆਝਲ ਨਾਲੇ ਵਿਚ ਸ਼ੁੱਕਰਵਾਰ ਸਵੇਰੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਆਪਣੀ ਡਿਊਟੀ ’ਤੇ ਜਾ ਰਹੇ ਸਨ ਤਾਂ ਅਚਾਨਕ ਗਲੇਸ਼ੀਅਰ ਆਇਆ। ਇਸ ਨਾਲ ਮਿੰਧਲ ਪੰਚਾਇਤ ਦੇ 2 ਪਿੰਡਾਂ ਦਾ ਸੰਪਰਕ ਹੈੱਡਕੁਆਰਟਰ ਕਿਲਾੜ ਨਾਲ ਕੱਟ ਗਿਆ ਹੈ।