ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਨਾਲਾ ਪੁਲਿਸ ਥਾਣੇ ’ਚ ਵਾਪਰੀ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਪੁਲਿਸ ਸਟੇਸ਼ਨ ਨੂੰ ਘੇਰਾ ਪਾਉਣਾ ਤੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਢਹਿ-ਢੇਰੀ ਹੋ ਗਈ ਹੈ। ਭਾਜਪਾ ਨੇ ਕਿਹਾ ਕਿ ਇਹ ਘਟਨਾਵਾਂ ਕੌਮੀ ਸੁਰੱਖਿਆ ਲਈ ਚੰਗੀਆਂ ਨਹੀਂ ਹਨ। ਖਾਸ ਤੌਰ ’ਤੇ ਜਦੋਂ ਪਾਕਿਸਤਾਨ ਅਜਿਹੀ ਸਥਿਤੀ ਨੂੰ ਹੱਲਾਸ਼ੇਰੀ ਦੇਣ ਅਤੇ ਇਸ ਦਾ ਸ਼ੋਸ਼ਣ ਕਰਨ ਲਈ ਤਿਆਰ ਹੈ। ਕੈਪਟਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਲਿਜਾਣ ਦੇ ਮਕਸਦ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਥਾਣੇ ਦਾ ਘਿਰਾਓ ਕਰਨ ਵਾਲਿਆਂ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਵਰਤੀ ਗਈ ਸੰਜਮ ਦੀ ਸ਼ਲਾਘਾ ਕੀਤੀ ਕਿਉਂਕਿ ਸਾਵਧਾਨੀ ਨਾਲ ਸਥਿਤੀ ਨੂੰ ਸੰਭਾਲਣ ਦੀ ਲੋੜ ਹੈ।
ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਅਜਨਾਲਾ ਪੁਲਿਸ ਥਾਣੇ ’ਚ ਵਾਪਰੀ ਘਟਨਾ ਬਾਰੇ ਆਖਿਆ -ਸੂਬੇ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜੀ
