ਪੰਜਾਬ ਤੇ ਹਰਿਆਣਾ ਵਿੱਚ ਅਪਰੈਲ ਮਹੀਨਾ ਚੜ੍ਹਨ ਦੇ ਨਾਲ-ਨਾਲ ਗਰਮੀ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦੋਵਾਂ ਸੂਬਿਆਂ ਵਿੱਚ ਤਾਪਮਾਨ 37 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ, ਜਿਸ ਕਰਕੇ ਦਿਨ ਸਮੇਂ ਲੋਕਾਂ ਨੂੰ ਵਧੇਰੇ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅੱਜ ਪੰਜਾਬ ਦਾ ਬਠਿੰਡਾ ਸ਼ਹਿਰ ਅਤੇ ਹਰਿਆਣਾ ਦਾ ਭਿਵਾਨੀ ਸਭ ਤੋਂ ਗਰਮ ਰਹੇ ਹਨ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਅਤੇ ਭਿਵਾਨੀ ਵਿੱਚ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਕੀਤਾ ਜਾਵੇਗਾ।
ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਅਪਰੈਲ ਵਿੱਚ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਸਾਫ਼ ਮੌਸਮ ਕਿਸਾਨਾਂ ਲਈ ਵਧੇਰੇ ਲਾਹੇਬੰਦ ਸਾਬਤ ਹੋਵੇਗਾ। ਇਸ ਦੌਰਾਨ ਕਿਸਾਨ ਆਸਾਨੀ ਨਾਲ ਆਪਣੀ ਕਣਕ ਦੀ ਫ਼ਸਲ ਦੀ ਵਾਢੀ ਕਰਕੇ ਮੰਡੀਆਂ ਵਿੱਚ ਵੇਚ ਸਕਣਗੇ। ਸਾਫ਼ ਮੌਸਮ ਕਰਕੇ ਕਿਸਾਨਾਂ ਦੇ ਚਿਹਰੇ ਹਾਲੇ ਤੱਕ ਖਿੜੇ ਹੋਏ ਹਨ।
ਵਿਭਾਗ ਅਨੁਸਾਰ ਅੱਜ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 32.7, ਲੁਧਿਆਣਾ ਵਿੱਚ 34.6, ਪਟਿਆਲਾ ਵਿੱਚ 35.1, ਪਠਾਨਕੋਟ ਵਿੱਚ 33, ਫਰੀਦਕੋਟ ਵਿੱਚ 34.5, ਗੁਰਦਾਸਪੁਰ ਵਿੱਚ 31, ਨਵਾਂ ਸ਼ਹਿਰ ਵਿੱਚ 32.5, ਫਤਹਿਗੜ੍ਹ ਸਾਹਿਬ ਵਿੱਚ 33.6, ਫਿਰੋਜ਼ਪੁਰ ਵਿੱਚ 34.5, ਹੁਸ਼ਿਆਰਪੁਰ ਵਿੱਚ 31.8, ਜਲੰਧਰ ਵਿੱਚ 33, ਮੋਗਾ ਵਿੱਚ 33.1, ਰੋਪੜ ਵਿੱਚ 31.9, ਮੁਹਾਲੀ ਵਿੱਚ 33 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਹਰਿਆਣਾ ਦੇ ਅੰਬਾਲਾ ਵਿੱਚ 34.7 ਡਿਗਰੀ ਸੈਲਸੀਅਸ, ਹਿਸਾਰ ਵਿੱਚ 36.4, ਕਰਨਾਲ ਵਿੱਚ 34.2, ਮਹਿੰਦਰਗੜ੍ਹ ਵਿੱਚ 36.5, ਰੋਹਤਕ ਵਿੱਚ 37, ਸਿਰਸਾ ਵਿੱਚ 36, ਫਰੀਦਾਬਾਦ ਵਿੱਚ 36.1, ਗੁਰੂਗ੍ਰਾਮ ਵਿੱਚ 34.9, ਜੀਂਦ ਵਿੱਚ 35.2, ਕੁਰੂਕਸ਼ੇਤਰ ਵਿੱਚ 33.9, ਮਹਿੰਦਰਗੜ੍ਹ ਵਿੱਚ 36.8, ਪਾਣੀਪਤ ਵਿੱਚ 34.1, ਰੋਹਤਕ ਵਿੱਚ 35, ਸੋਨੀਪਤ ਵਿੱਚ 34.5, ਚਰਖੀ ਦਾਦਰੀ ਵਿੱਚ 36.2, ਫਤਿਆਬਾਦ ਵਿੱਚ 33.7 ਅਤੇ ਮੇਵਾਤ ਵਿੱਚ 35.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਵੀ ਆਮ ਨਾਲੋਂ ਇਕ ਤੋਂ ਦੋ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।