ਕਣਕ ਦੇ ਰੇਟਾਂ ਚ ਓਨੀ ਦੇਰ ਮੰਦੀ ਨਹੀਂ ਆਉਣੀ ਜਦ ਤੱਕ ਰੂਸ ਯੂਕਰੇਨ ਦੀ ਲੜ੍ਹਾਈ ਲੱਗੀ ਹੋਈ ਹੈ ਅਤੇ ਯੂਰੋਪ ਦੀ ਫ਼ੂਡ ਬਾਸਕਟ ਕਹੀ ਜਾਣ ਵਾਲੀ ਜ਼ਮੀਨ ਇਸਦੀ ਜ਼ਦ ਚ ਹੈ..
ਬਲਕਿ ਇਸ ਲੜ੍ਹਾਈ ਦਾ ਪਸਾਰਾ ਵਧਦਾ ਨਜ਼ਰ ਆ ਰਿਹਾ ਜੋਕਿ ਉਮੀਦ ਨਾਲੋਂ ਵੀ ਭਿਆਨਕ ਰੁੱਖ ਧਾਰ ਸਕਦਾ..
ਕਣਕ ਦੇ ਲਿਹਾਜ਼ ਨਾਲ ਬਾਕੀ ਬਚਦਾ ਉੱਤਰੀ ਭਾਰਤ ਯਾਨੀ ਪੰਜਾਬ ਹਰਿਆਣਾ.. ਉਦਪਾਦਕ ਨੂੰ ਕਣਕ ਦਾ ਰੇਟ ਬੇਸ਼ੱਕ MSP ਦੇ ਮੁਤਾਬਿਕ ਨਾ ਮਿਲੇ ਪਰ ਵਪਾਰੀਆਂ ਦੀ ਫੁੱਲ ਮੌਜ ਬਣੀ ਰਹੇਗੀ..
ਦੂਜੀ ਗੱਲ਼ ਤੂੜੀ ਦੇ ਰੇਟ ਜੇਕਰ ਨਹੀਂ ਵਧਦੇ ਤਾਂ ਕਿਸਾਨ ਅਤੇ ਮਸ਼ੀਨਰੀ ਵਾਲਿਆਂ ਲਈ ਭਾਵੇਂ ਘਾਟਾ ਰਹੇ ਪਰ ਇਹ ਜ਼ਮੀਨ ਲਈ ਚੰਗਾ ਹੋ ਸਕਦਾ ਬਾਸ਼ਰਤੇ ਨਾੜ ਨੂੰ ਜ਼ਮੀਨ ਚ ਮਿਲਾਇਆ ਜਾਵੇ ਨਾਕਿ ਅੱਗ ਦੇ ਹਵਾਲੇ..
ਪਰ ਜਿਸਤਰਾਂ ਸਰਕਾਰ ਨੇ ਬਿਨਾਂ ਕਿਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਤੋਂ ਪੁੱਛੇ ਝੋਨਾ ਲਾਉਣ ਦੀ ਤਰੀਕ ਇੱਕ ਜੂਨ ਕਰ ਦਿੱਤੀ ਹੈ ਉਸ ਹਿਸਾਬ ਨਾਲ ਤਾਂ ਜ਼ਮੀਨ ਨੂੰ ਅਰਾਮ, ਖੁਸ਼ਕ ਧੁੱਪ ਤੇ ਹਵਾ, DSR, ASR, SRB, ਸੁੱਕਾ ਕੱਦੂ ਜਾਂ ਹੋਰ ਚੰਗੀਆਂ ਤੇ ਸਮੇਂ ਸਿਰ ਖੇਤੀ ਕਾਰਵਾਈਆਂ GAP ਕਰਨ ਵਾਲੇ ਕਿਸਾਨਾਂ ਲਈ ਅਜੀਬ ਅਤੇ ਹਾਸੋਹੀਣੀ ਸਥਿਤੀ ਬਣ ਗਈ ਹੈ..
ਪੰਜਾਬ ਦਾ ਖੇਤੀ ਇਤਿਹਾਸ ਦੱਸਦਾ ਹੈ ਕੇ ਕੁਝ ਕਾਹਲੇ ਕਿਸਾਨ ਮਿਥੀ ਹੋਈ ਤਰੀਕ ਤੋਂ ਹਫਤਾ ਪਹਿਲਾਂ ਹੀ ਝੋਨਾ ਲਾਉਣ ਚ ਮਾਣ ਮਹਿਸੂਸ ਕਰਦੇ ਹਨ ਮਤਲਬ ਜੇ ਹੁਣ ਤਰੀਕ ਇੱਕ ਜੂਨ ਮਿਥੀ ਤਾਂ ਝੋਨਾ 25 ਮਈ ਤੋਂ ਸ਼ੁਰੂ ਹੋ ਸਕਦਾ ਬੇਸ਼ੱਕ ਡੀਜ਼ਲ ਫੂਕ ਕੇ ਲਾਉਣਾ ਪਏ..ਜਦੋਂ 2009 ਵਿੱਚ ਸ੍ਰ ਕਾਹਨ ਸਿੰਘ ਪੰਨੂ ਦੇ ਸੁਝਾਏ ਡਰਾਫਟ ਅਤੇ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਝੋਨਾ ਲਾਉਣ ਦੀ ਮਿਤੀ 10 ਜੂਨ ਕਰਨ ਦਾ ਕਾਨੂੰਨ ਬਣਾਇਆ ਅਤੇ ਬਾਦ ਚ ਇਸਨੂੰ 20 ਜੂਨ ਕੀਤਾ ਗਿਆ ਤਾਂ ਇਸਦਾ ਪੰਜਾਬ ਦੇ ਪਾਣੀਆਂ, ਬਾਰਸ਼ ਪੈਟਰਨ ਅਤੇ ਵਾਤਾਵਰਣ ਉੱਤੇ ਹਾਂ ਪੱਖੀ ਪ੍ਰਭਾਵ ਦੇਖਿਆ ਗਿਆ.. ਲੰਬਾ ਵਕਤ ਲੈਣ ਵਾਲਿਆਂ ਕਿਸਮਾਂ ਦੀ ਜਗਾ ਥੋੜ੍ਹਾ ਸਮਾਂ ਲੈਣ ਵਾਲੀਆਂ ਕਿਸਮਾਂ ਖਾਸ ਕਰ ਬਾਸਮਤੀ ਅਤੇ DSR ਲਈ ਨਵੀਆਂ ਕਿਸਮਾਂ ਉੱਤੇ ਖੋਜ ਕਾਰਜ ਤੇਜ਼ ਹੋਏ ਪਰ ਹੁਣ ਉਹਨਾਂ ਉੱਤੇ ਫਰਕ ਪਏਗਾ ਕਿਉਂਕ ਅਗੇਤਾ ਝੋਨਾ ਲਾਉਣ ਵਾਲਿਆਂ ਪੂਸਾ ਅਤੇ ਹਾਈਬ੍ਰਿਡ ਕਿਸਮਾਂ ਦਾ ਬੀਜ ਬਲੈਕ ਚ ਲੈਣਾ ਸ਼ੁਰੂ ਕਰ ਦਿੱਤਾ ਜਿਹਨਾਂ ਦਾ ਫੌਂਡੇਸ਼ਨ ਸੀਡ ਦਾ ਉਤਪਾਦਨ ਵੀ ਬੰਦ ਕਰ ਦਿੱਤਾ ਗਿਆ ਪਰ ਕਿਸਾਨਾਂ ਦਾ ਬੀਜ ਦੇ ਮਾਮਲੇ ਚ ਸ਼ੋਸ਼ਣ ਹੋਣਾ ਲਾਜ਼ਮੀ ਹੈ..
ਜੇ ਪਨੀਰੀ ਵਾਲਾ ਝੋਨਾ ਇੱਕ ਜੂਨ ਨੂੰ ਲੱਗ ਰਿਹਾ ਤਾਂ ਜ਼ਾਹਿਰ ਹੈ DSR ਵਾਲੇ ਇੱਕ ਮਈ ਤੋਂ ਹੀ ਸਿੱਧੀ ਬਿਜਾਈ ਸ਼ੁਰੂ ਕਰ ਸਕਦੇ ਜੋਕਿ ਹੋਰ ਹਾਨੀਕਾਰਕ ਵਰਤਾਰਾ ਹੋਵੇਗਾ.. ਨਾ ਜ਼ਮੀਨ ਨੂੰ ਅਰਾਮ ਅਤੇ ਨਾੜ ਨੂੰ ਅੱਗ ਲੱਗਣ ਦਾ ਰੁਝਾਨ ਵੀ ਵਧੇਗਾ..
ਦੂਜੇ ਪਾਸੇ ਅਗੇਤਾ ਝੋਨਾ ਲਾਉਣ ਲਈ ਲੋੜੀਦੀ ਬਿਜਲੀ ਅਤੇ ਪਾਣੀ ਲਈ ਲੋੜੀਦੇ ਪ੍ਰਬੰਧ ਕਰਨੇ ਵੱਡੀ ਚੁਣੌਤੀ ਹੋਵੇਗੀ ਕਿਉਂਕ ਡੈਮਾਂ ਚ ਪਾਣੀ ਘੱਟ ਹੋਣ ਦੀ ਰਿਪੋਰਟ ਹੈ ਜਿਸ ਨਾਲ ਬਿਜਲੀ ਉਤਪਾਦਨ ਅਤੇ ਸਿੰਚਾਈ ਉੱਤੇ ਉਦੋਂ ਤੱਕ ਸੰਕਟ ਰਹੇਗਾ ਜਦ ਤੱਕ ਬਰਸਾਤ ਨਹੀਂ ਹੁੰਦੀ ਪਰ ਅਗੇਤਾ ਕੱਦੂ ਹੁੰਮਸ ਤੇ ਮੀਥੇਨ ਗੈਸ ਬਣਾ ਕੇ ਬਾਰਸ਼ ਦੇ ਪੈਟਰਨ ਨੂੰ ਵੀ ਪ੍ਰਭਾਵਿਤ ਕਰੇਗਾ..
ਸੇਮ ਵਾਲੇ ਇਲਾਕਿਆਂ ਚ ਤਾਂ ਪਹਿਲਾਂ ਹੀ ਅਦਾਲਤ ਵੱਲੋਂ ਅਗੇਤਾ ਝੋਨਾ ਲਾਉਣ ਦੀ ਫਿਰ
7 ਜੂਨ ਨੂੰ ਮਾਝਾ ਜ਼ੋਨ
10 ਜੂਨ ਨੂੰ ਦੋਆਬਾ
ਅਤੇ 15 ਜੂਨ ਨੂੰ ਮਾਲਵਾ ਜ਼ੋਨ ਵਾਲੇ ਹਦਾਇਤਾਂ ਦੀ ਕਿੰਨੀ ਕੁ ਪ੍ਰਵਾਹ ਕਰਦੇ ਹਨ ਓਹ ਬਾਦ ਦੀ ਗੱਲ਼ ਪਰ PAU ਅਤੇ ਖੇਤੀਬਾੜੀ ਮਹਿਕਮੇ ਲਈ ਵੱਖਰੀ ਚੁਣੌਤੀ ਹੋਵੇਗੀ..
ਪੰਜਾਬ ਦੇ ਬਹੁਤ ਸਾਰੇ ਕਿਸਾਨ ਬੜੇ ਸਹਿਜ, ਸਸਤੇ, ਟਿਕਾਊ ਤਰੀਕੇ ਨਾਲ ਸਮੇਂ ਸਿਰ ਦੋ ਫਸਲਾਂ ਝੋਨਾ / ਬਾਸਮਤੀ ਅਤੇ ਕਣਕ ਬੀਜ ਕੇ ਵੀ ਓਨਾ ਲਾਭ ਪ੍ਰਾਪਤ ਕਰ ਲੈਂਦੇ ਹਨ ਜਿੰਨਾ ਤਿੰਨ ਫਸਲਾਂ ਦੇਂਦੀਆਂ ਹਨ ਕਿਉਂਕ ਤੀਜੀ ਫਸਲ ਜੂਆ ਹੁੰਦੀ ਪਰ ਜ਼ਮੀਨ ਨੂੰ ਅਰਾਮ ਨਹੀਂ ਤੇ ਖਰਚੇ ਦਾ ਰਿਸਕ ਵੀ ਵੱਡਾ ਹੁੰਦਾ..
ਯੂਪੀ ਦੀ ਸਰਕਾਰ ਅਗੇਤੇ ਸੱਠੇ ਝੋਨੇ ਉੱਤੇ ਪਾਬੰਦੀ ਲਾਕੇ ਤਿੰਨ ਫਸਲੀ ਚੱਕਰ ਤੋੜਨ ਜਾ ਰਹੀ ਹੈ ਪਰ ਪੰਜਾਬ ਚ ਤੀਜੀ ਫਸਲ ਦਾ ਚਲਣ ਵਧੇਗਾ ਨਾਲ ਹੀ ਰੁਲਣ ਦਾ ਵੀ..
ਕੁੱਲ ਮਿਲਾ ਕੇ ਇਸ ਸਾਰੇ ਵਰਤਾਰੇ ਚ ਕਿਸਾਨ ਅਤੇ ਜ਼ਮੀਨ ਨੂੰ ਕੁਝ ਨਹੀਂ ਮਿਲਦਾ ਪ੍ਰਤੀਤ ਹੁੰਦਾ ਪਰ ਵਪਾਰੀ, ਬੀਜ, ਖਾਦ,ਦਵਾਈਆਂ,ਲੋਹਾ ਅਤੇ ਪਰਾਲੀ ਪ੍ਰਬੰਧ ਵਾਲੇ ਬੁੱਲੇ ਲੁੱਟਣਗੇ..ਮਈ ਜੂਨ ਤੋਂ ਸਿਤੰਬਰ ਤੱਕ ਭਾਦੋਂ ਦੇ ਨਜ਼ਾਰੇ ਆਉਣਗੇ.. ਲੂ,ਉੱਲੀਆਂ, ਪੋਲੀਨੇਸ਼ਨ, ਪੱਤਲ, ਫੋਟੋ ਸਿਨਥੈਸਿਸ, ਸਬਜ਼ੀਆਂ ਉਗਾਉਣ ਚ ਮੁਸ਼ਕਿਲ ਇਹ ਸਾਰੇ ਕਾਰਕ ਝੋਨਾਵਾਦ ਕਰਕੇ ਨਜ਼ਰ ਅੰਦਾਜ਼ ਕਰ ਦਿੱਤੇ ਗਏ ਹਨ..
ਇਹ ਕਦਾਚਿਤ ਪੰਜਾਬ ਦੇ ਹੱਕ ਚ ਨਹੀਂ..
ਪੰਜਾਬ ਨੂੰ ਉਮੀਦ ਉਹਨਾਂ ਸਿਆਣੇ ਕਿਸਾਨਾਂ ਕੋਲੋਂ ਹੀ ਹੈ ਜੋ GAP ਕਰਦੇ ਹੋਏ ਪਹਿਲੀ ਜੂਨ ਨੂੰ DSR, 25 ਜੂਨ ਨੂੰ ਸੁੱਕੇ ਕੱਦੂ ਨਾਲ ਝੋਨਾ ਅਤੇ 15 ਜੁਲਾਈ ਤੋਂ ਬਾਦ ਬਾਸਮਤੀ ਦੀ ਬਿਜਾਈ ਕਰਦੇ ਹਨ..
ਜਦੋਂ ਸਿਆਣੇ ਆਪਣੇ ਡਿਊਟੀ ਕਰਨ ਤੋਂ ਕੁਤਾਹੀ ਕਰਨ
ਤਾਂ ਨਿਆਣਿਆਂ ਨੂੰ ਸਿਆਣੇ ਬਣ ਜਾਣਾ ਚਾਹੀਦਾ..
“ਮਿਸ਼ਨ ਅੱਗਮੁਕਤ, ਕੱਦੂਮੁਕਤ, ਝੋਨਾਮੁਕਤ, ਜ਼ਹਿਰਮੁਕਤ ਅਤੇ ਬਾਗਬਾਨੀ ਯੁਕਤ ਪੰਜਾਬ ” ਮੁਤਾਬਿਕ ਸਹਿਜ, ਸੰਜਮ ਅਤੇ ਸਿਆਣਪ ਨਾਲ ਕੰਮ ਕਰਨ ਵਾਲੇ ਕਿਸਾਨ ਯੋਧੇ ਹੀ ਪੰਜਾਬ ਦੇ ਵਾਰਿਸ ਕਹਿਲਾਉਣ ਦੇ ਹੱਕਦਾਰ ਹੋਣਗੇ..
ਇਤਿਹਾਸ ਫੈਸਲਾ ਕਰੇਗਾ..ਮੂਰਖ ਬਣਨ ਤੋਂ ਬਚਣਾ ਪਏਗਾ..
ਪਾਣੀ ਕਰਕੇ ਹੀ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਨਾਇਕ ਅਤੇ ਖ਼ਲਨਾਇਕ ਦਾ ਰੁਤਬਾ ਦੇਣਗੀਆਂ..
ਗੁਰਬਿੰਦਰ ਸਿੰਘ ਬਾਜਵਾ