ਲੁਧਿਆਣਾ : ਪੰਜਾਬ ’ਚ ਧੁੰਦ ਤੇ ਸੀਤ ਲਹਿਰ ਵਿਚਾਲੇ ਬੁੱਧਵਾਰ ਨੂੰ ਕੜਾਕੇ ਦੀ ਠੰਢ ਪਈ। ਘੱਟੋ-ਘੱਟ ਤਾਪਮਾਨ ’ਚ ਸਾਢੇ ਛੇ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਸੰਗਰੂਰ ਸੂਬੇ ’ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਵੀ ਘੱਟੋ-ਘੱਟ ਤਾਪਮਾਨ 3.5 ਤੇ ਸ਼ਹੀਦ ਭਗਤ ਸਿੰਘ ਨਗਰ ’ਚ 3.8 ਡਿਗਰੀ ਸੈਲਸੀਅਸ ਰਿਹਾ। ਸੰਘਣੀ ਧੁੰਦ ਨਾਲ ਦਿਸਣ ਹੱਦ ਵੀ ਸਿਫ਼ਰ ਰਹੀ, ਜਿਸ ਨਾਲ ਰੇਲ ਤੇ ਸੜਕੀ ਆਵਾਜਾਈ ਪ੍ਰਭਾਵਿਤ ਰਹੀ।
ਹਾਲਾਂਕਿ ਦੁਪਹਿਰ ਨੂੰ ਧੁੱਪ ਨਿਕਲਣ ਨਾਲ ਰਾਹਤ ਮਿਲੀ। ਦਿਨ ਦਾ ਤਾਪਮਾਨ ਆਮ ਤੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਵੀਰਵਾਰ ਨੂੰ ਵੀ ਸੂਬੇ ’ਚ ਸੰਘਣੀ ਧੁੰਦ ਪੈ ਸਕਦੀ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਆਰੈਂਜ ਅਲਰਟ ਵੀ ਜਾਰੀ ਕੀਤਾ ਹੈ। ਦਸ ਜਨਵਰੀ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 11 ਜਨਵਰੀ ਨੂੰ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।