ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ

ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਭਲਕੇ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੀ ਹੈ। ਸੂਬਾ ਸਰਕਾਰ ਨੇ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹਕੀਕਤ ਇਹ ਹੈ ਕਿ ਮਾਲਵਾ ਖ਼ਿੱਤੇ ’ਚ ਕਣਕ ਦੀ ਵਾਢੀ ਵਿਸਾਖੀ ਦੇ ਆਸ-ਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੌਸਮ ਢੁੱਕਵਾਂ ਰਹਿਣ ਕਰਕੇ ਕਿਸਾਨ ਇਸ ਵਾਰ ਹੌਸਲੇ ਵਿੱਚ ਵੀ ਹਨ ਅਤੇ ਤਸੱਲੀ ਵਿੱਚ ਵੀ ਹਨ। ਆਮ ਤੌਰ ’ਤੇ ਕਿਸਾਨਾਂ ਦੀ ਪੱਕੀ ਫ਼ਸਲ ਕੁਦਰਤੀ ਆਫ਼ਤਾਂ ਦੀ ਭੇਟ ਚੜ੍ਹਦੀ ਰਹੀ ਹੈ। ਐਤਕੀਂ ਕਾਫ਼ੀ ਹੱਦ ਤੱਕ ਇਸ ਤੋਂ ਬਚਾਅ ਰਿਹਾ ਹੈ। ਮੌਸਮ ਠੰਢਾ ਰਿਹਾ ਜਿਸ ਕਰਕੇ ਕਣਕ ਦੇ ਝਾੜ ਨੂੰ ਵੀ ਲੈ ਕੇ ਕਿਸਾਨ ਆਸਵੰਦ ਹਨ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੰਜਾਬ ਨੂੰ 28 ਹਜ਼ਾਰ ਕਰੋੜ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਹੈ। ਸਮੁੱਚੇ ਸੂਬੇ ਵਿੱਚ ਕਰੀਬ 1864 ਖ਼ਰੀਦ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ 700 ਦੇ ਕਰੀਬ ਆਰਜ਼ੀ ਮੰਡੀਆਂ ਵੀ ਤਿਆਰ ਕੀਤੀਆਂ ਗਈਆਂ ਹਨ। ਮੌਸਮ ’ਚ ਕੋਈ ਫੇਰਬਦਲ ਨਾ ਹੋਇਆ ਤਾਂ ਐਤਕੀਂ ਕਣਕ ਦਾ ਸੀਜ਼ਨ ਜਲਦੀ ਨਿਬੜ ਸਕਦਾ ਹੈ। ਸੂਬਾ ਸਰਕਾਰ ਨੇ ਇਸ ਵਾਰ 124 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਰੱਖਿਆ ਹੈ ਜਦੋਂ ਕਿ ਪਿਛਲੇ ਸਾਲ ਇਹ ਟੀਚਾ 132 ਲੱਖ ਮੀਟਰਿਕ ਟਨ ਸੀ। ਸਰਕਾਰੀ ਸੂਤਰਾਂ ਮੁਤਾਬਕ ਮੰਡੀਆਂ ਵਿੱਚ 132 ਲੱਖ ਮੀਟਰਿਕ ਟਨ ਕਣਕ ਖ਼ਰੀਦਣ ਦੇ ਹੀ ਪ੍ਰਬੰਧ ਕੀਤੇ ਗਏ ਹਨ।

ਵੇਰਵਿਆਂ ਅਨੁਸਾਰ ਪਿਛਲੇ ਵਰ੍ਹੇ ਮੰਡੀਆਂ ’ਚੋਂ 124.57 ਲੱਖ ਮੀਟਰਿਕ ਟਨ ਕਣਕ ਦੀ ਸਰਕਾਰੀ ਖ਼ਰੀਦ ਹੋਈ ਸੀ ਅਤੇ 7.85 ਲੱਖ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਕੀਤੀ ਗਈ ਸੀ। ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਦਾਅਵਾ ਹੈ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਰਦਾਨੇ ਦਾ ਪੂਰਾ ਪ੍ਰਬੰਧ ਹੈ ਅਤੇ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ’ਚ ਖ਼ਰੀਦ ਰਾਸ਼ੀ ਪਾ ਦਿੱਤੀ ਜਾਵੇਗੀ। ਪਤਾ ਲੱਗਿਆ ਹੈ ਕਿ ਕਿਸਾਨ ਧਿਰਾਂ ਦੇ ਡਰੋਂ ਪੁਲੀਸ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਖ਼ਰੀਦ ਦੌਰਾਨ ਕੋਈ ਅੜਚਨ ਪੈਦਾ ਨਾ ਹੋਵੇ। ‘ਆਪ’ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨੂੰ ਖ਼ਰੀਦ ਕੰਮਾਂ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪਿਛਲੇ ਸੀਜ਼ਨ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਹੋਈ ਸੀ। ਵੱਡਾ ਮਸਲਾ ਕਣਕ ਭੰਡਾਰਨ ਦਾ ਖੜ੍ਹਾ ਹੋ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਅਨਾਜ ਦੀ ਮੂਵਮੈਂਟ ਸਮੇਂ ਸਿਰ ਨਹੀਂ ਕੀਤੀ ਗਈ ਹੈ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਨਾਲ ਵੀ ਮੀਟਿੰਗ ਕੀਤੀ ਸੀ। ਕਿਸਾਨ ਧਿਰਾਂ ਵੀ ਕਣਕ ਦੀ ਖ਼ਰੀਦ ਦੇ ਸੀਜ਼ਨ ’ਤੇ ਨੇੜਿਓ ਨਜ਼ਰ ਰੱਖਣਗੀਆਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਖ਼ਿਲਾਫ਼ ਸਖ਼ਤੀ ਦਿਖਾਈ ਜਾ ਰਹੀ ਹੈ। ਕਿਤੇ ਵੀ ਖ਼ਰੀਦ ਕੇਂਦਰ ਵਿੱਚ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਹੋਈ ਤਾਂ ਕਿਸਾਨ ਧਿਰਾਂ ਫ਼ੌਰੀ ਮੈਦਾਨ ਵਿੱਚ ਕੁੱਦ ਸਕਦੀਆਂ ਹਨ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਕਣਕ ਦਾ ਝਾੜ ਇਸ ਵਾਰ ਦੋ-ਤਿੰਨ ਮਣ ਵਧਣ ਦਾ ਅਨੁਮਾਨ ਹੈ।

Leave a Reply

Your email address will not be published. Required fields are marked *