ਚੰਡੀਗੜ੍ਹ, 6 ਅਕਤੂਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ‘ਚ ਵਾਪਰੀ ਘਟਨਾ ਦੇ ਵਿਰੋਧ ‘ਚ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਥੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਆਪ ਆਗੂਆਂ ਵੱਲੋਂ ਐੱਮ. ਐੱਲ. ਏ. ਹੋਸਟਲ ਤੋਂ ਗਵਰਨਰ ਹਾਊਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਵਰਨਰ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਸ ਨੇ ਰਾਹ ‘ਚ ਹੀ ਰੋਕ ਲਿਆ ਅਤੇ ਉਨ੍ਹਾਂ ‘ਤੇ ਪਾਣੀ ਦੀਆਂ ਵਾਛੜਾਂ ਕੀਤੀਆਂ।
ਹਾਲਾਂਕਿ ਪੁਲਸ ਵੱਲੋਂ ਆਪ ਵਰਕਰਾਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਪਾਰਟੀ ਵਰਕਰ ਲਗਾਤਾਰ ਪੁਲਸ ਸਾਹਮਣੇ ਡਟੇ ਹੋਏ ਹਨ। ਲਖੀਮਪੁਰ ‘ਚ ਆਪ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣ ਦਾ ਵੀ ਪਾਰਟੀ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ। ਪਾਰਟੀ ਵਰਕਰਾਂ ਵੱਲੋਂ ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।