ਜਲ੍ਹਿਆਂਵਾਲਾ ਬਾਗ ਕਤਲੇਆਮ: ਯੂਕੇ ਦੇ ਸੰਸਦ ਮੈਂਬਰ ਬਲੈਕਮੈਨ ਨੇ ਸਰਕਾਰ ਨੂੰ ਭਾਰਤ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ

ਹੈਰੋ ਈਸਟ ਤੋਂ ਯੂਕੇ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਉਨ੍ਹਾਂ ਮੰਗ ਕੀਤੀ ਕਿ ਯੂਕੇ ਸਰਕਾਰ ਭਿਆਨਕ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਵਰ੍ਹੇਗੰਢ ’ਤੇ ਭਾਰਤ ਤੋਂ ਮੁਆਫ਼ੀ ਮੰਗੇ। ਯੂਕੇ ਦੀ ਸੰਸਦ ਵਿੱਚ ਬੋਲਦੇ ਹੋਏ ਬਲੈਕਮੈਨ ਨੇ 13 ਅਪ੍ਰੈਲ, 1919 ਦੀਆਂ ਘਟਨਾਵਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿੱਚ ਹੋਈ ਗੋਲੀਬਾਰੀ ਵਿੱਚ ਹਜ਼ਾਰਾਂ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਸਨ।

ਉਨ੍ਹਾਂ ਕਿਹਾ, ‘‘ਅੱਜ ਮੈਂ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਮੁੱਦਾ ਉਠਾਇਆ। ਮੈਂ ਸਰਕਾਰ ਨੂੰ ਅੱਤਿਆਚਾਰਾਂ ਦੀ ਵਰ੍ਹੇਗੰਢ ਤੋਂ ਪਹਿਲਾਂ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ‘ਤੇ ਮੁਆਫ਼ੀ ਮੰਗਣ ਲਈ ਕਿਹਾ।’’ ਐਕਸ ’ਤੇ ਜਾਰੀ ਇਕ ਵੀਡੀਓ ਵਿੱਚ ਬਲੈਕਮੈਨ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ 13 ਅਪ੍ਰੈਲ, 1919 ਨੂੰ ਜਨਰਲ ਡਾਇਰ ਨੇ ਬ੍ਰਿਟਿਸ਼ ਫੌਜਾਂ ਨੂੰ ਜਲ੍ਹਿਆਂਵਾਲਾ ਬਾਗ ਵਿੱਚ ਸ਼ਾਂਤੀਪੂਰਵਕ ਇਕੱਠੇ ਹੋਏ ਨਿਰਦੋਸ਼ ਨਾਗਰਿਕਾਂ ’ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ।

ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਫੌਜ ਦੀ ਤਰਫੋਂ ਜਨਰਲ ਡਾਇਰ ਨੇ ਆਪਣੀਆਂ ਫੌਜਾਂ ਨੂੰ ਮਾਰਚ ਕੀਤਾ ਅਤੇ ਨਿਰਦੋਸ਼ ਲੋਕਾਂ ’ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਜਦੋਂ ਤੱਕ ਉਨ੍ਹਾਂ ਕੋਲ ਗੋਲਾ ਬਾਰੂਦ ਖਤਮ ਨਹੀਂ ਹੋ ਗਿਆ। ਉਸ ਕਤਲੇਆਮ ਦੇ ਅੰਤ ਵਿੱਚ 1,500 ਲੋਕ ਮਾਰੇ ਗਏ ਅਤੇ 1,200 ਜ਼ਖਮੀ ਹੋ ਗਏ।

ਬਲੈਕਮੈਨ ਨੇ ਕਿਹਾ, ‘‘2019 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਮੰਨਿਆ ਕਿ ਇਹ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ’ਤੇ ਇਕ ਦਾਗ ਸੀ। ਪਰ ਕੀ ਅਸੀਂ ਸਰਕਾਰੀ ਸਮੇਂ ਵਿੱਚ ਕੋਈ ਬਿਆਨ ਦੇ ਸਕਦੇ ਹਾਂ? ਇਸ ਦੀ ਵਰ੍ਹੇਗੰਢ ਇਸ ਸਾਲ 13 ਅਪ੍ਰੈਲ ਨੂੰ ਹੋਵੇਗੀ, ਜਦੋਂ ਅਸੀਂ ਛੁੱਟੀਆਂ ’ਤੇ ਹਾਂ। ਤਾਂ ਕੀ ਅਸੀਂ ਸਰਕਾਰ ਤੋਂ ਇਕ ਬਿਆਨ ਲੈ ਸਕਦੇ ਹਾਂ ਜੋ ਗਲਤੀ ਨੂੰ ਸਵੀਕਾਰ ਕਰਦਾ ਹੋਵੇ ਅਤੇ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗਦਾ ਹੋਵੇ।’’

ਸੰਸਦ ਵਿਚ ਇਕ ਹੋਰ ਸੰਸਦ ਮੈਂਬਰ ਨੇ ਬਲੈਕਮੈਨ ਦਾ ਇਸ ਮੁੱਦੇ ਨੂੰ ਉਠਾਉਣ ਲਈ ਧੰਨਵਾਦ ਕੀਤਾ, ਕਤਲੇਆਮ ਨੂੰ ਬ੍ਰਿਟਿਸ਼ ਬਸਤੀਵਾਦ ਦੇ ਇਤਿਹਾਸ ਵਿੱਚ ਸਭ ਤੋਂ ਬਦਨਾਮ ਅਤੇ ਸ਼ਰਮਨਾਕ ਘਟਨਾਵਾਂ ਵਿੱਚੋਂ ਇਕ ਦੱਸਿਆ।

ਜ਼ਿਕਰਯੋ ਹੈ ਕਿ ਪੰਜਾਬ ਸੂਬੇ ਵਿਚ ਜਲ੍ਹਿਆਂਵਾਲਾ ਬਾਗ ਯਾਦਗਾਰ ਉਨ੍ਹਾਂ 2,000 ਭਾਰਤੀਆਂ ਦੀ ਯਾਦ ਵਿੱਚ ਹੈ, ਜਿਨ੍ਹਾਂ ਨੂੰ ਜਨਰਲ ਮਾਈਕਲ ਓ’ ਡਾਇਰ ਦੀ ਕਮਾਂਡ ਹੇਠ 13 ਅਪ੍ਰੈਲ 1919 ਨੂੰ ਇਕ ਸ਼ਾਂਤੀਪੂਰਵਕ ਜਨਤਕ ਮੀਟਿੰਗ ਵਿਚ ਹਿੱਸਾ ਲੈਂਦੇ ਸਮੇਂ ਅੰਗਰੇਜ਼ਾਂ ਦੁਆਰਾ ਅੰਨ੍ਹੇਵਾਹ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜਾਂ ਜ਼ਖਮੀ ਕਰ ਦਿੱਤਾ ਗਿਆ ਸੀ। ਇਹ ਭਾਰਤ ਦੇ ਆਜ਼ਾਦੀ ਸੰਗਰਾਮ ਦੀਆਂ ਮੁੱਖ ਘਟਨਾਵਾਂ ਵਿੱਚੋਂ ਇੱਕ ਸੀ। ਇਥੇ ਯਾਦਗਾਰੀ ਖੂਹ ਦੇ ਨਾਲ ਕੰਧ ਦਾ ਇੱਕ ਹਿੱਸਾ ਸੁਰੱਖਿਅਤ ਰੱਖਿਆ ਗਿਆ ਹੈ ਜਿਸ ਵਿੱਚ ਗੋਲੀਆਂ ਦੇ ਨਿਸ਼ਾਨ ਅਜੇ ਵੀ ਦਿਖਾਈ ਦਿੰਦੇ ਹਨ। ਕੁਝ ਲੋਕਾਂ ਨੇ ਬਚਣ ਲਈ ਖੂਹ ਵਿਚ ਛਾਲ ਮਾਰ ਦਿੱਤੀ ਸੀ।

Leave a Reply

Your email address will not be published. Required fields are marked *