ਚੰਡੀਗੜ੍ਹ : ਰੇਤ ਮਾਫੀਆ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਜਰੀਵਾਲ ਦੇ ਟਵੀਟ ਤੋਂ ਬਾਅਦ ਨਵਜੋਤ ਸਿੱਧੂ ਨੇ ਜਵਾਬੀ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਹੈ ਕਿ ਪੰਜਾਬ ਮਾਡਲ ਤੁਹਾਡੇ ਵਰਗੇ ਖਾਲ੍ਹੀ ਵਾਅਦਿਆਂ ਅਤੇ ਅਨੁਮਾਨਾਂ ’ਤੇ ਨਹੀਂ ਸਗੋਂ ਲੋੜੀਂਦੀ ਖੋਜ ’ਤੇ ਬਣਾਇਆ ਗਿਆ ਹੈ। ਰੇਤ ਮਾਈਨਿੰਗ ਵਿਚ 20,000 ਕਰੋੜ ਨਹੀਂ ਸਗੋਂ 2000 ਕਰੋੜ ਦੀ ਸਮਰੱਥਾ ਹੈ। ਜਦੋਂ ਕਿ ਸ਼ਰਾਬ ਵਿਚ 30,000 ਕਰੋੜ ਦੀ ਸੰਭਾਵਨਾ ਹੈ, ਜਿਸਦਾ ਤੁਸੀਂ ਦਿੱਲੀ ਵਿਚ ਨਿੱਜੀਕਰਨ ਕੀਤਾ ਹੈ ਅਤੇ ਦੀਪ ਮਲਹੋਤਰਾ ਅਤੇ ਚੱਢਾ ਵਰਗੇ ਲੋਕਾਂ ਨੂੰ ਮੁਫਤ ਦਿੱਤੀ ਹੋਈ ਹੈ। ਸਿੱਧੂ ਨੇ ਕਿਹਾ ਕਿ ਸਿਰਫ਼ ਚੋਣਾਂ ਵਿਚ ਦਿਖਾਈ ਦੇਣ ਵਾਲਾ ਸਿਆਸੀ ਸੈਲਾਨੀ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਕਦੇ ਨਹੀਂ ਜਾਣ ਸਕਦਾ। 5 ਸਾਲ ਜਦੋਂ ਤੁਸੀਂ ਪੰਜਾਬ ਤੋਂ ਦੂਰ ਸੀ, ਮੈਂ ਰੇਤ ਮਾਈਨਿੰਗ ਨੀਤੀ ਬਣਾਈ, ਇਸ ਨੂੰ ਮਾਈਨਿੰਗ ਮਾਫੀਆ ਵਿਰੁੱਧ ਲਾਗੂ ਕਰਨ ਲਈ ਲੜਿਆ ਅਤੇ ਲੋਕਾਂ ਦੇ ਮੁੱਦੇ ਚੁੱਕੇ। ਉਦੋਂ ਤੁਸੀਂ ਸਿਰ ਝੁਕਾ ਕੇ ਡਰੱਗ ਮਾਫੀਆ ਤੋਂ ਮੁਆਫ਼ੀ ਮੰਗਦੇ ਰਹੇ ਸੀ।
ਕੀ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ
ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਟੀ. ਵੀ. ਅਤੇ ਅਖ਼ਬਾਰ ਵਾਲਿਆਂ ਨੇ ਤੁਹਾਡੇ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਰੇਤਾ ਚੋਰੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਰੇਤ ਮਾਫ਼ੀਆ ਨਾਲ ਸੰਬੰਧ ਹੋਣ ਕਰਕੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ। ਬਾਦਲ ਅਤੇ ਕੈਪਟਨ ਸਾਹਿਬ ਦੋਵੇਂ ਇਸ ’ਤੇ ਚੁੱਪ ਹਨ। ਤੁਸੀਂ ਵੀ ਚੁੱਪ ਹੋ। ਕਿਉਂ? ਮੁੱਖ ਮੰਤਰੀ ਚੰਨੀ ਤੋਂ ਲੈ ਕੇ ਹੇਠਾਂ ਤੱਕ ਰੇਤਾ ਚੋਰੀ ਹੋ ਰਹੀ ਹੈ। ਜੇਕਰ ਰੇਤਾ ਚੋਰੀ ਨੂੰ ਰੋਕਿਆ ਜਾਵੇ ਤਾਂ 20 ਹਜ਼ਾਰ ਕਰੋੜ ਰੁਪਏ ਆਉਣਗੇ।