ਸਿਟ ਵੱਲੋਂ ਮਜੀਠੀਆ ਤੋਂ ਦੂਜੇ ਦਿਨ ਅੱਠ ਘੰਟੇ ਪੁੱਛ-ਪੜਤਾਲ

ਪਟਿਆਲਾ, ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਸਿਟ ਨੇ ਦਸੰਬਰ 2021 ਵਿੱਚ ਦਰਜ ਨਸ਼ਾ ਤਸਕਰੀ ਕੇਸ ਦੀ ਜਾਂਚ ਸਬੰਧੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਅੱਜ ਦੂਜੇ ਦਿਨ ਵੀ ਇੱਥੇ ਪੁਲੀਸ ਲਾਈਨ ਵਿੱਚ ਅੱਠ ਘੰਟੇ ਪੁੱਛ-ਪੜਤਾਲ ਕੀਤੀ। ਸਿਟ ਦੇ ਸਵਾਲ ਮੁੱਖ ਤੌਰ ’ਤੇ ਵਿੱਤੀ ਲੈਣ-ਦੇਣ ’ਤੇ ਹੀ ਕੇਂਦਰਿਤ ਸਨ। ਸਿਟ ਦਾ ਕਹਿਣਾ ਹੈ ਕਿ ਅਕਾਲੀ ਆਗੂ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਫਰਮਾਂ ਅਤੇ ਬੈਂਕ ਖਾਤਿਆਂ ਵਿੱਚ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਵਿੱਤੀ ਲੈਣ-ਦੇਣ ਹੋਣ ਦਾ ਪਤਾ ਚੱਲਿਆ ਹੈ। ਇਸ ਦੌਰਾਨ ਕੁੱਝ ਸਵਾਲ ਸਾਬਕਾ ਮੰਤਰੀ ਨੂੰ ਲਿਖ ਕੇ ਵੀ ਦਿੱਤੇ ਗਏ, ਜਿਨ੍ਹਾਂ ਦੇ ਜਵਾਬ ਨਿਰਧਾਰਤ ਸਮੇਂ ਵਿੱਚ ਦੇਣ ਲਈ ਕਿਹਾ ਗਿਆ ਹੈ।

ਵਿਸ਼ੇਸ਼ ਜਾਂਚ ਟੀਮ ਵਿੱਚ ਜਿੱਥੇ ਹਰਚਰਨ ਸਿੰਘ ਭੁੱਲਰ ਚੇਅਰਮੈਨ ਹਨ, ਉੱਥੇ ਹੀ ਆਈਪੀਐੱਸ ਵਰੁਣ ਸ਼ਰਮਾ, ਪਟਿਆਲਾ ਦੇ ਐੱਸਪੀ (ਇਨਵੈਸਟੀਗੇਸ਼ਨ) ਯੋਗੇਸ਼ ਸ਼ਰਮਾ ਤੇ ਏਡੀਏ ਅਨਮੋਲਜੀਤ ਸਿੰਘ ਸਮੇਤ ਕੁਝ ਹੋਰ ਅਧਿਕਾਰੀ ਵੀ ਮੈਂਬਰਾਂ ਵਜੋਂ ਸ਼ਾਮਲ ਹਨ।

ਇਥੇ ਪੁਲੀਸ ਲਾਈਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟ ਮੁਖੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਫਰਮਾਂ ਵੱਲੋਂ ਪਿਛਲੇ ਸਮੇਂ ਦੌਰਾਨ ਹੋਏ ਵਿੱਤੀ ਲੈਣ-ਦੇਣ ਬਾਬਤ ਹੀ ਸਵਾਲ ਪੁੱਛੇ ਗਏ ਅਤੇ ਕੁੱਝ ਸਵਾਲ ਲਿਖ ਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਸਤਪ੍ਰੀਤ ਸੱਤਾ, ਪਰਮਿੰਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਨੂੰ ਸਹਿ ਮੁਲਜ਼ਮਾਂ ਵਜੋਂ ਸ਼ਾਮਲ ਹਨ ਪਰ ਉਹ ਵਿਦੇਸ਼ ’ਚ ਰਹਿ ਰਹੇ ਹਨ, ਜਿਨ੍ਹਾਂ ਨੂੰ ਇਸ ਕੇਸ ਸਬੰਧੀ ਪੁੱਛ ਪੜਤਾਲ ਕਰਨ ਲਈ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਜਾਰੀ ਹੈ। ਸਿਟ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਨੇ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ। ਸਿਟ ਵੱਲੋਂ ਸੋਮਵਾਰ ਨੂੰ ਵੀ ਮਜੀਠੀਆ ਤੋਂ ਕਈ ਘੰਟੇ ਪੁੱਛ-ਪੜਤਾਲ ਕੀਤੀ ਗਈ ਸੀ। ਇਹ ਪੁੱਛ-ਪੜਤਾਲ ਇੱਥੇ ਪੁਲੀਸ ਲਾਈਨ ਸਥਿਤ ‘ਸਿਟ’ ਦੇ ਦਫ਼ਤਰ ਵਿੱਚ ਚੱਲ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਸਾਢੇ ਤਿੰਨ ਸਾਲ ਪੁਰਾਣੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਮੌਜੂਦਾ ਸੰਸਦ ਮੈਂਬਰ ਅੰਮ੍ਰਿਤਪਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਵੀ ਤੇ ਬੇਗਾਨਿਆਂ ਨੂੰ ਵੀ ਚੁੱਲ੍ਹੇ ਸਮੇਟ ਕੇ ਇਕਜੁੱਟ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਮਨਪ੍ਰੀਤ ਇਯਾਲੀ ਤੇ ਸੰਤ ਸਿੰਘ ਉਮੈਦਪੁਰੀ ਆਦਿ ਦੇ ਨਾਮ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ, ‘‘ਜਦੋਂ ਗਲਤੀਆਂ ਹੋਈਆਂ ਸਨ, ਉਦੋਂ ਤੁਸੀਂ ਵੀ ਨਾਲ ਹੀ ਸੀ। ਲੋਕ ਭਾਵਨਾ ਹੈ ਕਿ ਅਸੀਂਂ ਇਕੱਠੇ ਹੋਈਏ ਤੇ ਕਿਸੇ ਦਾ ਹੱੱਥ ਠੋਕਾ ਬਣ ਕੇ ਪੰਥ ਨੂੰ ਨੁਕਸਾਨ ਨਾ ਪਹੁੰਚਾਈਏ।’’

Leave a Reply

Your email address will not be published. Required fields are marked *