ਫਿਰੋਜ਼ਪੁਰ : ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ‘ਚ ਪਰਾਲੀ ਸਾੜਨ ਤੋਂ ਰੋਕਣ ਲਈ ਹੁਣ ਕਈ ਪਿੰਡਾਂ ਅਤੇ ਇਲਾਕਿਆਂ ‘ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਲਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਸਕੇ ਪਰ ਇਸ ਦੇ ਬਾਵਜੂਦ ਵੀ ਇੱਥੇ ਕਈ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਈ ਗਈ। ਇਸ ਦੇ ਮੱਦੇਨਜ਼ਰ ਇੱਥੇ ਕੁੱਝ ਸਰਕਾਰੀ ਅਧਿਆਪਕਾਂ ‘ਤੇ ਪਰਾਲੀ ਸਾੜਨ ਦੀ ਗਾਜ਼ ਡਿੱਗੀ ਹੈ।
ਉਕਤ ਇਲਾਕਿਆਂ ‘ਚ ਤਾਇਨਾਤ ਕਈ ਸਰਕਾਰੀ ਅਧਿਆਪਕਾਂ ਨੂੰ ਐੱਸ. ਡੀ. ਐੱਮ. ਜ਼ੀਰਾ ਵਲੋਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਤੁਸੀਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਕਿਉਂ ਨਹੀਂ ਰੋਕ ਸਕੇ। ਤੁਸੀਂ ਆਪਣਾ ਜਵਾਬ ਸਬੰਧਿਤ ਦਫ਼ਤਰ ‘ਚ ਜਲਦੀ ਤੋਂ ਜਲਦੀ ਭੇਜੋ, ਨਹੀਂ ਤਾਂ ਤੁਹਾਡੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਨੋਟਿਸਾਂ ਨੂੰ ਲੈ ਕੇ ਅਧਿਆਪਕ ਵਰਗ ‘ਚ ਨਿਰਾਸ਼ਾ ਪਾਈ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਕੰਮ ਵਿੱਦਿਆ ਦੇ ਪੱਧਰ ਨੂੰ ਉੱਚਾ ਲੈ ਕੇ ਜਾਣਾ ਹੈ ਅਤੇ ਸਮਾਜ ਨੂੰ ਸਿੱਖਿਆ ਰਾਹੀਂ ਸਿੱਖਿਅਤ ਕਰਨਾ ਹੈ ਪਰ ਕਿਸਾਨਾਂ ਦੇ ਪਰਾਲੀ ਸਾੜਨ ‘ਤੇ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਅਤੇ ਉਨ੍ਹਾਂ ਨੂੰ ਨੋਟਿਸ ਭੇਜਣਾ ਜਾਂ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਵਿਭਾਗੀ ਕਾਰਵਾਈ ਕਰਨਾ ਸਰਾਸਰ ਗਲਤ ਹੈ। ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਇਸ ਤਰ੍ਹਾਂ ਦੀਆਂ ਡਿਊਟੀਆਂ ਨਾ ਲਾਈਆਂ ਜਾਣ।