ਫਾਜ਼ਿਲਕਾ:ਫਾਜ਼ਿਲਕਾ-ਮਲੋਟ ਹਾਈਵੇਅ ‘ਤੇ ਢਾਣੀ ਖਰਾਸ ਵਾਲੀ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਜਣੇ ਜ਼ਖਮੀ ਹੋ ਗਏ।ਜਾਣਕਾਰੀਅਨੁਸਾਰ ਇਹ ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ ਜਦੋਂ ਫਾਜ਼ਿਲਕਾ ਤੋਂ ਆ ਰਹੀ ਇੱਕ ਮਾਰੂਤੀ ਕਾਰ ਇੱਕ ਜੀਪ ਨਾਲ ਟਕਰਾ ਗਈ।
ਇਸ ਦੌਰਾਨ ਇੱਕ ਮੋਟਰ ਸਾਈਕਲ ਵੀ ਉਨ੍ਹਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮਾਰੂਤੀ ਕਾਰ ਵਿੱਚ ਸਵਾਰ ਪੁਲਿਸ ਕਰਮਚਾਰੀ ਏਐਸਆਈ ਕੇਵਲ ਕ੍ਰਿਸ਼ਨ ਦੀ ਮੌਤ ਹੋ ਗਈ,ਜਦੋਂ ਕਿ ਜੀਪ ਅਤੇ ਬਾਈਕ ਵਿੱਚ ਸਵਾਰ ਛੇ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਬਾਈਕ ਸਵਾਰਾਂ ਵਿੱਚ ਇੱਕ 8 ਸਾਲ ਦੀ ਬੱਚੀ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜ਼ਖਮੀ ਬਾਈਕ ਸਵਾਰਾਂ ਦੀ ਪਛਾਣ ਆਵਾ ਕਲੋਨੀ ਦੇ ਵਸਨੀਕ ਸੁਖਵਿੰਦਰ ਸਿੰਘ, ਉਸਦੀ ਧੀ ਪ੍ਰਵੀਨ ਕੌਰ ਅਤੇ ਪੋਤੀ ਸ਼ੁਭਨੀਤ ਕੌਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜੀਪ ਵਿੱਚ ਸਵਾਰ ਤਿੰਨ ਨੌਜਵਾਨ, ਸਮਰਵੀਰ ਸਿੰਘ, ਦੇਵਾਂਸ਼ੂ ਅਤੇ ਕੌਸ਼ਿਕ, ਜੋ ਕਿ ਇਸਲਾਮਵਾਲਾ ਅਤੇ ਫ਼ਾਜ਼ਿਲਕਾ ਦੇ ਰਹਿਣ ਵਾਲੇ ਸਨ, ਵੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਸਮਰਵੀਰ ਦੇਵਾਂਸ਼ੂ ਬਜਾਜ ਅਤੇ ਕੌਸ਼ਿਕ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਵਾਂਸ਼ੂ ਬਜਾਜ ਇਲਾਜ ਲਈ ਫਾਜ਼ਿਲਕਾ ਤੋਂ ਸ਼੍ਰੀ ਗੰਗਾਨਗਰ ਲਿਜਾਇਆ ਜਾ ਰਿਹਾ ਸੀ। ਜਿਸ ਦੌਰਾਨ ਉਸਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ ਹੈ।ਤਿੰਨੋਂ ਨੌਜਵਾਨ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਬਾਅਦ ਜੀਪ ਵਿੱਚ ਕਿਤੇ ਜਾ ਰਹੇ ਸਨ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਡੀਐਸਪੀ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਦਾ ਮੁਆਇਨਾ ਕਰ ਲਿਆ ਹੈ ਅਤੇ ਹਾਦਸੇ ਦੀ ਜਾਂਚ ਜਾਰੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ