ਦੀਪਕ ਬਾਲੀ ਨੇ ਸੈਰ-ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ : ਦੀਪਕ ਬਾਲੀ ਨੇ ਸੈਕਟਰ 38 ਵਿਖੇ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲ ਲਿਆ। ਦੀਪਕ ਬਾਲੀ ਨੇ ਕਿਹਾ ਕਿ 1986 ਤੋਂ ਉਹ ਵਿਰਾਸਤ, ਭਾਸ਼ਾ ਤੇ ਕਲਾ ਦੇ ਖੇਤਰਾਂ ’ਚ ਵਿਚਰ ਰਹੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਹੋਰ ਪ੍ਰਸਿੱਧੀ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੈਰ-ਸਪਾਟੇ ਦੇ ਖੇਤਰ ’ਚ ਹੋਰ ਉੱਪਰ ਲਿਜਾਣ ਲਈ ਵੀ ਉਹ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਵਧੀਆ ਤਰੀਕੇ ਨਾਲ ਪਹੁੰਚਾਉਣ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇਗਾ।

ਉਨ੍ਹਾਂ ਨੇ ਇਸ ਜ਼ਿੰਮੇਵਾਰੀ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਉੱਤੇ ਪੂਰਾ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਦੀਪਕ ਬਾਲੀ ਦੇ ਲੰਬੇ ਸਮਾਜਿਕ ਤੇ ਸੱਭਿਆਚਾਰਕ ਤਜ਼ਰਬੇ ਦਾ ਫ਼ਾਇਦਾ ਪੰਜਾਬ ਨੂੰ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਸਿਆਸੀ ਤਜ਼ਰਬਾ ਨਵੀਆਂ ਨੀਤੀਆਂ ਬਣਾਉਣ ’ਚ ਸਹਾਈ ਹੋਵੇਗਾ। ਉਨ੍ਹਾਂ ਉਮੀਦ ਕੀਤੀ ਕਿ ਬਾਲੀ ਪੰਜਾਬ ਦੇ ਸੱਭਿਆਚਾਰਕ, ਕਲਾ ਤੇ ਸੈਰ-ਸਪਾਟਾ ਖੇਤਰ ਨੂੰ ਨਵੀਆਂ ਉੱਚਾਈਆਂ ‘ਤੇ ਲੈ ਕੇ ਜਾਣਗੇ।

ਇਸ ਮੌਕੇ ਸਿਆਸੀ, ਸਾਹਿਤਕ, ਸੱਭਿਆਚਾਰਕ, ਸੰਗੀਤਕ ਤੇ ਹੋਰ ਖੇਤਰਾਂ ਦੀਆਂ ਹਸਤੀਆਂ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੋਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਸਰਕਾਰ ਦੇ ਵੱਖ-ਵੱਖ ਬੋਰਡਾਂ/ਕਾਰਪੋਰੇਸ਼ਨਾਂ ਦੇ ਚੇਅਰਪਰਸਨ ਸਨੀ ਆਹਲੂਵਾਲੀਆ, ਨਵਜੋਤ ਸਿੰਘ ਜਰਗ, ਬਾਲ ਮੁਕੰਦ ਸ਼ਰਮਾ, ਰਾਜਵਿੰਦਰ ਕੌਰ ਥਿਆੜਾ ਅਤੇ ਸੰਗੀਤਕ ਤੇ ਕਲਾ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਰੌਸ਼ਨ ਪ੍ਰਿੰਸ, ਅਮਰ ਨੂਰੀ, ਜਸਬੀਰ ਗੁਣਾਚੌਰੀਆ, ਅਲਾਪ ਸਿਕੰਦਰ, ਸਾਰੰਗ ਸਿਕੰਦਰ, ਸਚਿਨ ਆਹੂਜਾ, ਸੁੱਖੀ ਬਰਾੜ, ਪੰਮੀ ਬਾਈ ਤੇ ਸੋਨੀਆ ਮਾਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *