ਸ੍ਰੀ ਆਨੰਦਪੁਰ ਸਾਹਿਬ, ਹੋਲਾ-ਮਹੱਲਾ ਦੇ ਪਹਿਲੇ ਪੜਾਅ ਦਾ ਕੀਰਤਪੁਰ ਸਾਹਿਬ ਵਿੱਚ ਅੱਜ ਦੂਜਾ ਦਿਨ ਸੀ। ਦੋ ਪੜਾਵਾਂ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਮੌਕੇ ਪੰਜਾਬ ਭਰ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ’ਤੇ ਨਤਮਸਤਕ ਹੋਈ। ਸੰਗਤ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ।
ਇਸ ਮੌਕੇ ਸੰਗਤ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸੰਪਰਦਾਵਾਂ ਦੇ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੁਲੀਸ ਵੱਲੋਂ ਟਰੈਕਟਰਾਂ ’ਤੇ ਉੱਚ ਆਵਾਜ਼ ’ਚ ਗੀਤ ਚਲਾਉਣ ਤੇ ਮੋਟਰਸਾਈਕਲਾਂ ਦੇ ਸਾਇਲੈਂਸਰ ਖੋਲ੍ਹ ਕੇ ਆਉਣ ਵਾਲੇ ਨੌਜਵਾਨਾਂ ’ਤੇ ਸਖ਼ਤੀ ਕੀਤੀ ਗਈ। ਇਸ ਮੌਕੇ ਮੇਲਾ ਅਫ਼ਸਰ ਐੱਸਡੀਐੱਮ ਜਸਪ੍ਰੀਤ ਸਿੰਘ, ਡੀਐੱਸਪੀ ਦਾਨਿਸ਼ਵੀਰ ਸਿੰਘ ਅਤੇ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਰੰਗ ਵੇਚਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਮਗਰੋਂ ਸੜਕਾਂ ’ਤੇ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਦਾ ਸਾਮਾਨ ਵੀ ਚੁੱਕਿਆ ਗਿਆ।