ਜੰਮੂ : ਉਪ ਰਾਜਪਾਲ ਮਨੋਜ ਸਿਨ੍ਹਾ ਦੀ ਅਗਵਾਈ ’ਚ ਜੰਮੂ ਸਥਿਤ ਰਾਜ ਭਵਨ ’ਚ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ ਬੁੱਧਵਾਰ ਨੂੰ ਹੋਈ 48ਵੀਂ ਮੀਟਿੰਗ ’ਚ ਸਾਲਾਨਾ ਸ੍ਰੀ ਬਾਬਾ ਅਮਰਨਾਥ ਯਾਤਰਾ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਤਿੰਨ ਜੁਲਾਈ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਹੋਣਗੇ। ਯਾਤਰਾ ਨੌਂ ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਇਸ ਵਾਰੀ ਯਾਤਰਾ ਦੀ ਮਿਆਦ 38 ਦਿਨਾਂ ਦੀ ਹੋਵੇਗੀ। ਪਿਛਲੇ ਸਾਲ ਇਹ 52 ਦਿਨਾਂ ਦੀ ਸੀ, ਜਿਹੜੀ 29 ਜੂਨ ਤੋਂ ਸ਼ੁਰੂ ਹੋ ਕੇ 19 ਅਗਸਤ ਤੱਕ ਚੱਲੀ। ਯਾਤਰਾ ਰਜਿਸਟ੍ਰੇਸ਼ਨ ਪ੍ਰਕਿਰਿਆ ਛੇਤੀ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਯਾਤਰਾ ਦੋ ਰਸਤਿਆਂ ਤੋਂ ਹੁੰਦੀ ਹੈ। ਇਕ ਰਸਤਾ ਅਨੰਤਨਾਗ ਜ਼ਿਲ੍ਹੇ ’ਚ ਰਵਾਇਤੀ 48 ਕਿਲੋਮੀਟਰ ਲੰਬਾ ਨੁਨਵਾਨ-ਪਹਿਲਗਾਮ ਮਾਰਗ ਹੈ। ਦੂਜਾ ਗਾਂਦਰਬਲ ਜ਼ਿਲ੍ਹੇ ’ਚ 14 ਕਿਲੋਮੀਟਰ ਲੰਬਾ ਬਾਲਟਾਲ ਤੋਂ ਹੁੰਦੇ ਹੋਏ ਹੈ।
ਮੀਟਿੰਗ ’ਚ ਜੰਮੂ, ਸ੍ਰੀਨਗਰ ਤੇ ਹੋਰ ਥਾਵਾਂ ’ਤੇ ਸ਼ਰਧਾਲੂਆਂ ਨੂੰ ਠਹਿਰਣ ਦੀ ਸਮਰੱਥਾ ਦੇ ਉਪਾਅ, ਯਾਤਰੀ ਸਹੂਲਤ ਕੇਂਦਰਾਂ ਦੇ ਸੰਚਾਲਨ, ਈ-ਕੇਵਾਈਸੀ, ਆਰਐੱਫਆਈਡੀ ਕਾਰਡ, ਨੌਗਾਮ ਤੇ ਕਟੜਾ ਰੇਲਵੇ ਸਟੇਸ਼ਨ ਸਮੇਤ ਹੋਰ ਥਾਵਾਂ ’ਤੇ ਮੌਕੇ ’ਤੇ ਰਜਿਸਟ੍ਰੇਸ਼ਨ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਬਾਲਟਾਲ, ਪਹਿਲਗਾਮ, ਨੁਨਵਾਨ, ਪੰਥਾ ਚੌਕ ਸ੍ਰੀਨਗਰ ’ਚ ਸਹੂਲਤਾਂ ਵਧਾਉਣ ਤੋਂ ਇਲਾਵਾ ਜਾਰੀ ਵੱਖ-ਵੱਖ ਕੰਮਾਂ ’ਤੇ ਪ੍ਰਗਤੀ ਦੀ ਉਪ ਰਾਜਪਾਲ ਨੇ ਸਮੀਖਿਆ ਕੀਤੀ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਮਨਦੀਪ ਕੁਮਾਰ ਭੰਡਾਰੀ ਨੇ ਪ੍ਰਬੰਧਾਂ ਦੇ ਸਬੰਧ ’ਚ ਪੇਸ਼ਕਾਰੀ ਦਿੱਤੀ। ਮੀਟਿੰਗ ’ਚ ਬੋਰਡ ਮੈਂਬਰਾਂ ’ਚ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ, ਡੀਸੀ ਰੈਣਾ, ਕੈਲਾਸ਼ ਮਹਿਰਾ ਸਾਧੂ. ਡਾ. ਸ਼ੈਲੇਸ਼ ਰੈਣਾ ਆਦਿ ਹਾਜ਼ਰ ਸਨ।