ਨਕੋਦਰ : ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਉਤਸ਼ਾਹਤ ਕਰਨ ਸਬੰਧੀ ‘ਗੁੱਡ ਗਰੋ’ ਦੇ ਬੈਨਰ ਹੇਠ ਕੁਦਰਤੀ ਖੇਤੀ ’ਚ ਸਫਲ ਕਿਸਾਨ ਅਵਤਾਰ ਸਿੰਘ ਫਗਵਾੜਾ, ਕ੍ਰਿਪਾਲ ਸਿੰਘ ਫਗਵਾੜਾ, ਜੋਤੀ ਸ਼ਰਮਾ, ਡਾ. ਪੀਕੇ ਛੁਨੇਜਾ ਵੱਲੋਂ ਤੱਖਰ ਫਾਰਮ ਨੇੜੇ ਗੁਰਦੁਆਰਾ ਰੱਬੀ ਦੁਆਰ ਪਿੰਡ ਸ਼ੰਕਰ ’ਚ ਖੇਤੀ ਸਤਿਸੰਗ ਕਰਵਾਇਆ ਗਿਆ। ਇਸ ਸਤਿਸੰਗ ਦੀ ਪ੍ਰਧਾਨਗੀ ਪਦਮਸ੍ਰੀ ਐੱਚਐੱਸ ਫੂਲਕਾ ਸੀਨੀਅਰ ਐਡਵੋਕੇਟ ਸੁਪਰੀਮ ਕੋਟ ਤੇ ਡਾ. ਅਵਤਾਰ ਸਿੰਘ ਢੀਂਡਸਾ ਪੰਜਾਬ ਫਾਰਮਰਜ਼ ਤੇ ਲੇਬਰ ਵੈੱਲਫੇਅਰ ਦੇ ਸਾਬਕਾ ਚੇਅਰਮੈਨ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਡਾ. ਰਣਜੀਤ ਸਿੰਘ ਘੁੰਮਣ ਕਿਸਾਨਾਂ ਦੇ ਮਸਲਿਆਂ ਬਾਰੇ ਹਾਈ ਪਾਵਰ ਸੁਪਰੀਮ ਕੋਟ ਦੀ ਕਮੇਟੀ ਦੇ ਮੈਂਬਰ, ਡਾ. ਦਵਿੰਦਰ ਸ਼ਰਮਾ ਸੁਪਰੀਮ ਕੋਰਟ ਦੀ ਹਾਈ ਪਾਵਰ ਕਿਸਾਨਾਂ ਦੇ ਮਸਲਿਆਂ ਬਾਰੇ ਕਮੇਟੀ ਦੇ ਮੈਂਬਰ, ਐੱਚਐੱਸ ਤੱਖਰ, ਐੱਸਐੱਸ ਸੰਧੂ, ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ ਬੀਕੇਯੂ ਦੋਆਬਾ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਐੱਚਐੱਸ ਫੂਲਕਾ ਨੇ ਕਿਹਾ ਕਿ ਜੇ ਅਸੀਂ ਪੰਜਾਬ ਦੀ ਜ਼ਮੀਨ ਬਚਾਉਣੀ ਹੈ ਤਾਂ ਸਾਨੂੰ ਪਾਣੀ ਬਚਾਉਣਾ ਪਵੇਗਾ। ਇਹ ਕੁਦਰਤੀ ਖੇਤੀ ਦਾ ਫਾਰਮ ਜੋ ਐੱਚਐੱਸ ਤੱਖਰ ਦੀ ਜ਼ਮੀਨ ’ਚ ਅਵਤਾਰ ਸਿੰਘ ਫਗਵਾੜਾ ਨੇ ਬਣਾਇਆ, ਇਹ ਹੋਰ ਕਿਸਾਨਾਂ ਨੂੰ ਇਸ ਪਾਸੇ ਆਉਣ ਲਈ ਜਾਗਰੂਕ ਕਰੇਗਾ। ਉਨ੍ਹਾਂ ਕਿਹਾ ਕਿ ਜੇ ਹਾਲੇ ਵੀ ਅਸੀਂ ਇਹ ਤਰੀਕਾ ਨਾ ਅਪਣਾਇਆ ਤਾਂ ਫਿਰ ਅਸੀਂ ਅਪਣੀਆਂ ਜ਼ਮੀਨਾਂ ਦੇ ਖੁਦ ਹੀ ਦੁਸ਼ਮਣ ਹੋਵਾਂਗੇ।
ਇਸ ਮੌਕੇ ਡਾ. ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਮਾਡਲ ਨਾਲ ਲਾਗਤਾਂ ਘਟਣਗੀਆਂ ਤੇ ਅਮਦਨ ਵਧੇਗੀ, ਸਾਰਾ ਸਾਲ ਰੁਜ਼ਗਾਰ ਵੀ ਮਿਲੇਗਾ। ਮਿੱਲਾਂ ਗੰਨੇ ਸਬੰਧੀ ਚੰਗਾ ਕੰਮ ਕਰ ਰਹੀਆਂ ਪਰ ਕਿਸਾਨ ਨੇ ਗੁੜ ਬਣਾਉਣਾ ਬੰਦ ਕਰ ਦਿੱਤਾ ਜੋ ਸਹੀ ਨਹੀਂ। ਕਿਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਉਸ ਨੂੰ ਗੁੜ ਸ਼ੱਕਰ ਬਣਾਉਣ ’ਚ ਫ਼ਾਇਦਾ ਹੈ ਜਾਂ ਗੰਨਾ ਮਿੱਲ ’ਚ ਸੁੱਟ ਕੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਉੱਦਮੀ ਹੈ ਤੇ ਦੇਸ਼ ਵਿੱਚ ਹਰੀ ਕ੍ਰਾਂਤੀ ਨੂੰ ਕਾਮਯਾਬ ਕਰਨ ਵਾਲਾ ਵੀ ਪੰਜਾਬ ਦਾ ਕਿਸਾਨ ਹੈ ਤੇ ਉਹਦੇ ’ਚੋਂ ਨਿਕਲਣ ਦਾ ਰਸਤਾ ਵੀ ਪੰਜਾਬ ਦਾ ਕਿਸਾਨ ਹੀ ਬਣਾਏਗਾ। ਪਰਾਲ਼ੀ ਗੇਮ ਚੇਂਜਰ ਬਣ ਸਕਦੀ ਹੈ ਜੇ ਇਸ ਨੂੰ ਬਾਇਓ ਸੀਐੱਨਜੀ ਪਲਾਂਟ ਲਗਾ ਕੇ ਵੇਚਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਪੰਜ ਏਕੜ ਵਾਲਾ ਕਿਸਾਨ ਅੱਜ ਦੇ ਖੇਤੀ ਮਾਡਲ ’ਚ ਕਰਜ਼ਾ ਚੁੱਕ ਕੇ ਟਰੈਕਟਰ ’ਤੇ ਮੋਟਰ ਲਗਵਾਏਗਾ ਤਾਂ ਉਹ ਖੇਤੀ ਦੀ ਅਮਦਨ ’ਚੋਂ ਕਦੇ ਵੀ ਕਰਜ਼ਾ ਨਹੀਂ ਲਾਹ ਸਕਦਾ।
ਇਸ ਮੌਕੇ ਅਵਤਾਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ’ਚ ਜਿੰਨੀ ਮਸ਼ੀਨਰੀ ਖਰੀਦ ਕੇ ਰੱਖੀ ਹੈ, ਉਸ ਦੀ ਦਸ ਫੀਸਦੀ ਵੀ ਵਰਤੋਂ ਵਿਚ ਨਹੀਂ ਆਉਂਦੀ। ਕੁਦਰਤੀ ਖੇਤੀ ਨਾਲ ਪੰਜਾਬ ਦਾ ਪਾਣੀ ਵੀ ਬਚੇਗਾ ਕਿਸਾਨਾਂ ਦਾ ਆਰਥਿਕ ਤੌਰ ’ਤੇ ਸੁਧਾਰ ਹੋਵੇਗਾ। ਡਾ. ਦਵਿੰਦਰ ਸ਼ਰਮਾ ਨੇ ਖੇਤੀ ਦੇ ਭਵਿੱਖ ਬਾਰੇ ਚਿੰਤਾ ਕਰਦਿਆਂ ਦੱਸਿਆ ਕਿ ਦੁਨੀਆ ’ਚ ਕਿਹਾ ਜਾ ਰਿਹਾ ਹੈ ਕਿ ਹੁਣ ਅਨਾਜ ਪੈਦਾ ਕਰਨ ਲਈ ਕਿਸਾਨ ਦੀ ਜ਼ਰੂਰਤ ਨਹੀਂ ਹੈ। ਇਸ ਦੀ ਉਦਾਹਰਣ ਦਿੰਦਿਆਂ ਸ਼ਰਮਾ ਨੇ ਕਿਹਾ ਕਿ ਫਿਨਲੈਂਡ ’ਚ ਇਕ ਕੰਪਨੀ ਹੈ। ਉਸ ਨੇ ਆਪਣਾ ਪੁਡਾਕਸ਼ਨ ਸਿਸਟਮ ਇਕ ਬਿਲਡਿੰਗ ’ਚ ਸ਼ੁਰੂ ਕਰ ਦਿੱਤਾ। ਉਸ ਬਿਲਡਿੰਗ ’ਚ ਉਹ ਹਵਾ ਦੇ ਤੱਤਾਂ ਨੂੰ ਖਿੱਚ ਲੈਂਦੇ ਹਨ ਤੇ ਬੈਕਟੀਰੀਆ ਨਾਲ ਕਰੌਸ ਕਰਕੇ ਖੁਰਾਕ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਕੰਪਨੀਆਂ ਜਿਹੜੀਆਂ ਲੈਬ ਫੂਡ ’ਤੇ ਕੰਮ ਕਰ ਰਹੀਆਂ ਜਿਨ੍ਹਾਂ ਨੂੰ ਨਾ ਜ਼ਮੀਨ ਚਾਹੀਦੀ ਹੈ, ਨਾ ਕਿਸਾਨ। ਸਾਨੂੰ ਹੁਣ ਇਸ ’ਤੇ ਗੱਲ ਕਰਨੀ ਚਾਹੀਦੀ ਹੈ ਕਿ ਸਾਨੂੰ ਲੈਬ ਫੂਡ ਨਹੀਂ ਚਾਹੀਦੀ। ਕੁਦਰਤੀ ਖੇਤੀ ਦੇ ਸਫਲ ਕਿਸਾਨ ਅਵਤਾਰ ਸਿੰਘ ਫਗਵਾੜਾ ਨੇ ਕਿਹਾ ਕਿ ਜੇ ਕੁਦਰਤੀ ਖੇਤੀ ਨੂੰ ਕਾਮਯਾਬ ਕਰਨਾ ਤਾਂ ਸਾਨੂੰ ਜੰਗਲ ਦਾ ਸਿਧਾਂਤ ਅਪਣਾਉਣਾ ਪਵੇਗਾ। ਉਨ੍ਹਾਂ ਨੇ ਆਪਣੇ ਖੇਤ ’ਚ ਗੰਨੇ ਦੇ ਨਾਲ ਛੋਲੇ ਤੇ ਚਕੰਦਰ ਇਕੱਠੇ ਬੀਜੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਦੇ ਫਾਰਮ ’ਚ ਆ ਕੇ ਇਸ ਤਕਨੀਕ ਨੂੰ ਦੇਖ ਸਕਦੇ ਹਨ।