26 ਲੋਕਾਂ ਦੀ ਜਾਨ ਲੈਣ ਵਾਲੇ ਹਮਲੇ ਤੋਂ ਪ੍ਰਭਾਵਿਤ ਪਹਿਲਗਾਮ ਵਿਚ ਸੈਲਾਨੀਆਂ ਦੀ ਭੀੜ ਮੁੜ ਆ ਗਈ ਹੈ, ਜੋ ਕਸ਼ਮੀਰ ਦੀ ਵਾਦੀ ਵਿਚ ਗਰਮੀ ਦਾ ਆਨੰਦ ਲੈਣਾ ਚਾਹੁੰਦੇ ਹਨ ਅਤੇ ਆਪਣੀਆਂ ਯਾਤਰਾ ਯੋਜਨਾਵਾਂ ‘ਤੇ ਕਾਇਮ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਸ ਬਾਰੇ ਸੋਚਿਆ ਅਤੇ ਆਉਣ ਦਾ ਫੈਸਲਾ ਕੀਤਾ। ‘ਲਿਟਲ ਸਵਿਟਜ਼ਰਲੈਂਡ’ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਇਸ ਖੂਬਸੂਰਤ ਇਲਾਕੇ ਨੂੰ ਹਮਲੇ ਦੇ ਕੁਝ ਦਿਨ ਬਾਅਦ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ।
ਹਾਲਾਂਕਿ, ਹਮਲੇ ਦਾ ਗਰਾਊਂਡ ਜੀਰੋ, ਬੈਸਰਨ ਮੈਦਾਨ ਅਜੇ ਵੀ ਬੰਦ ਹੈ। ਮੈਦਾਨ ਦੇ ਆਸ-ਪਾਸ ਦੇ ਦੇਵਦਾਰ ਦੇ ਜੰਗਲਾਂ ਵਿੱਚੋਂ ਅੱਤਵਾਦੀਆਂ ਦੇ ਸਮੂਹ ਦੇ ਉਭਰਣ ਅਤੇ ਅਣਜਾਣ ਸੈਲਾਨੀਆਂ ਦੇ ਸਮੂਹ ‘ਤੇ ਗੋਲੀਬਾਰੀ ਕਰਨ ਦੇ ਕੁਝ ਦਿਨ ਬਾਅਦ, ਇਹ ਚਹਿਲ-ਪਹਿਲ ਵਾਲਾ ਸੈਲਾਨੀ ਕੇਂਦਰ ਲਗਪਗ ਖਾਲੀ ਹੋ ਗਿਆ ਸੀ।
ਨਰਸੰਘਾਰ ਦੇ ਬਾਅਦ ਹਰ ਰੋਜ਼ 5,000 ਤੋਂ 7,000 ਸੈਲਾਨੀਆਂ ਦੀ ਥਾਂ, ਮੁਸ਼ਕਿਲ ਨਾਲ 100 ਸੈਲਾਨੀ ਹੀ ਆ ਰਹੇ ਸਨ, ਜਿਸ ਨਾਲ ਸਥਾਨਕ ਲੋਕਾਂ ਲਈ ਬੇਰੁਜ਼ਗਾਰੀ ਦਾ ਖ਼ਤਰਾ ਵੱਧ ਗਿਆ, ਜੋ ਜ਼ਿਆਦਾਤਰ ਸੈਲਾਨੀ ਸੇਵਾਵਾਂ ‘ਤੇ ਨਿਰਭਰ ਹਨ।