ਪੰਜਾਬ ਵਿੱਚ 2000 ਕਰੋੜ ਰੁਪਏ ਦੇ 250 ਇਮਾਰਤੀ ਪ੍ਰੋਜੈਕਟ ਪ੍ਰਗਤੀ ਹੇਠ : ਹਰਭਜਨ ਸਿੰਘ ਈਟੀਓ

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਇਸ ਸਮੇਂ 15 ਵਿਭਾਗਾਂ ਲਈ ਲਗਪਗ 2000 ਕਰੋੜ ਰੁਪਏ ਦੇ 250 ਇਮਾਰਤੀ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਚਲਾਏ ਜਾ ਰਹੇ ਅਤੇ ਸਬੰਧਤ ਵਿਭਾਗਾਂ ਦੁਆਰਾ ਫੰਡ ਕੀਤੇ ਗਏ ਇਹ ਕੰਮ ਸੂਬੇ ਦੇ ਇਮਾਰਤੀ ਬੁਨਿਆਦੀ ਢਾਂਚੇ ਨੂੰ ਵਿਕਸਤ ਅਤੇ ਅਪਗ੍ਰੇਡ ਕਰਨ ਪ੍ਰਤੀ ਵਿਭਾਗ ਦੀ ਵਚਨਬੱਧਤਾ ਦੇ ਪ੍ਰਤੀਕ ਹਨ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵੱਲੋਂ ਸਿਹਤ ਬੁਨਆਦੀ ਢਾਂਚੇ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਤਹਿਤ 264 ਕਰੋੜ ਰੁਪਏ ਦੀ ਲਾਗਤ ਨਾਲ 18 ਚਾਈਲਡ ਕੇਅਰ ਬਲਾਕਾਂ (ਸੀਸੀਬੀ) ਸਮੇਤ ਅਤੇ 18 ਏਕੀਕ੍ਰਿਤ ਪਬਲਿਕ ਹੈਲਥ ਲੈਬਾਰਟਰੀਆਂ (ਆਈਪੀਐਚਐਲ) ਲੈਬਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ 4 ਨਿਰਮਾਣ ਅਧੀਨ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੇ ਆਮ ਆਦਮੀ ਕਲੀਨਿਕਾਂ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਪ੍ਰਾਪਤੀ ਕਰਦਿਆਂ ਰਾਜ ਭਰ ਵਿੱਚ ਲਗਪਗ 420 ਕਲੀਨਿਕ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗ ਮਾਲੇਰਕੋਟਲਾ, ਸੰਗਰੂਰ, ਐਸ.ਏ.ਐਸ. ਨਗਰ, ਹੁਸ਼ਿਆਰਪੁਰ, ਕਪੂਰਥਲਾ, ਐਸ.ਬੀ.ਐਸ. ਨਗਰ, ਅਤੇ ਮੋਗਾ ਵਿਖੇ ਵਿੱਤੀ ਸਾਲ 2025-26 ਵਿੱਚ ਮੈਡੀਕਲ ਕਾਲਜਾਂ ਲਈ ਲਗਪਗ 3000 ਕਰੋੜ ਰੁਪਏ ਦੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸਿਹਤ ਜਾਂਚ ਸਬੰਧੀ ਸੂਬੇ ਦੀ ਸਮਰੱਥਾ ਨੂੰ ਵਧਾਉਣਾ ਅਤੇ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।

Leave a Reply

Your email address will not be published. Required fields are marked *