ਗੁਰਦਾਸਪੁਰ : ਬੀਸੀਏ ਦੀ ਵਿਦਿਆਰਥਣ ਨਾਲ ਪਾਸਟਰ ਵੱਲੋਂ ਜਬਰ ਜਨਾਹ ਦੇ ਮਾਮਲੇ (BCA Student Rape Case) ‘ਚ ਦੋ ਸਾਲਾਂ ਤੋਂ ਸੁਸਤ ਪਈ ਗੁਰਦਾਸਪੁਰ ਪੁਲਿਸ (Gurdaspur Police) ਹੁਣ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੋ ਗਈ ਹੈ। ਜ਼ਿਲ੍ਹਾ ਪੁਲਿਸ ਨੇ ਡੀਐਸਪੀ ਅਮੋਲਕ ਸਿੰਘ ਦੀ ਅਗਵਾਈ ‘ਚ ਛੇ ਮੈਂਬਰੀ ਟੀਮ ਬਣਾਈ ਤੇ ਮੋਹਾਲੀ ਟੈਕਨੀਕਲ ਟੀਮ ਦੀ ਸਹਾਇਤਾ ਵੀ ਲਈ ਹੈ। ਨਤੀਜੇ ਵਜੋਂ ਪੁਲਿਸ ਨੇ ਮੁਲਜ਼ਮ ਪਾਸਟਰ ਜਸ਼ਨ ਗਿੱਲ (Pastor Jashan Gill) ਦੇ ਭਰਾ ਪ੍ਰੇਮ ਮਸੀਹ (Prem Masih) ਨੂੰ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੂੰ ਇਸ ਮਾਮਲੇ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁਲਜ਼ਮ ਪਾਸਟਰ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਰਾਊਂਡਅੱਪ ਕੀਤਾ ਗਿਆ ਹੈ।
ਸੋਮਵਾਰ ਨੂੰ ਐੱਸਐੱਸਪੀ ਨੂੰ ਮਿਲਣ ਪਹੁੰਚੇ ਮ੍ਰਿਤਕ ਵਿਦਿਆਰਥਣ ਦੇ ਪਿਤਾ ਨੂੰ ਪੁਲਿਸ ਨੇ ਯਕੀਨ ਦਿਵਾਇਆ ਹੈ ਕਿ ਕੁਝ ਹੀ ਦਿਨਾਂ ‘ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੇ ਹਰਕਤ ‘ਚ ਆਉਣ ਤੋਂ ਬਾਅਦ ਹੁਣ ਪੀੜਤ ਪਰਿਵਾਰ ‘ਚ ਇਨਸਾਫ ਦੀ ਉਮੀਦ ਜਾਗੀ ਹੈ।
ਸੋਮਵਾਰ ਨੂੰ ਐੱਸਐੱਸਪੀ ਗੁਰਦਾਸਪੁਰ ਦਫਤਰ ਪਹੁੰਚੇ ਮ੍ਰਿਤਕਾ ਦੇ ਪਿਤਾ ਨੇ ਐੱਸਪੀ (ਡੀ) ਬਲਵਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਇਸ ਮਾਮਲੇ ‘ਚ ਲੜਕੀ ਦਾ ਗਰਭਪਾਤ ਕਰਨ ਵਾਲੀ ਨਰਸ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਜਸ਼ਨ ਗਿਲ ਦੇ ਜੰਮੂ ‘ਚ ਹੋਣ ਦੇ ਪੱਕੇ ਵੀਡੀਓ ਤੇ ਹੋਰ ਸਬੂਤ ਵੀ ਪ੍ਰਦਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੇ ਕੁਝ ਰਿਸ਼ਤੇਦਾਰਾਂ ਨੂੰ ਹਿਰਾਸਤ ‘ਚ ਲਿਆ ਹੈ। ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਪੁਲਿਸ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਇਨਸਾਫ ਦੇਵੇਗੀ।
ਉਨ੍ਹਾਂ ਦੋਸ਼ ਲਗਾਇਆ ਕਿ ਤਤਕਾਲੀਨ ਐੱਸਐਚਓ ਦੀਨਾਨਗਰ ਤੇ ਕੁਝ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਨਸਾਫ ਦੇਣ ਦੀ ਬਜਾਏ ਮਾਮਲੇ ਨੂੰ ਰਫਾ-ਦਫਾ ਕਰਨ ਦਾ ਦਬਾਅ ਬਣਾਇਆ ਜਾਂਦਾ ਰਿਹਾ ਹੈ, ਪਰ ਹੁਣ ਅਧਿਕਾਰੀਆਂ ਦੇ ਰਵੱਈਏ ਨਾਲ ਉਨ੍ਹਾਂ ਨੂੰ ਜਲਦੀ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ।