ਨਵੀਂ ਦਿੱਲੀ: ਈਡੀ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਵਿੱਚ ਬੀਬੀਸੀ ਵਰਲਡ ਸਰਵਿਸ ਇੰਡੀਆ ‘ਤੇ 3,44,48,850 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਉਸ ਸਮੇਂ ਕੰਪਨੀ ਦਾ ਕੰਮਕਾਜ ਦੇਖ ਰਹੇ ਤਿੰਨ ਡਾਇਰੈਕਟਰਾਂ ‘ਤੇ ਵੱਖਰੇ ਤੌਰ ‘ਤੇ 1,14,82,950 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਬੀਬੀਸੀ ਵਰਲਡ ਸਰਵਿਸ ਇੰਡੀਆ ‘ਤੇ ਡਿਜੀਟਲ ਮੀਡੀਆ ‘ਚ 26 ਫੀਸਦੀ ਵਿਦੇਸ਼ੀ ਨਿਵੇਸ਼ ਦੀ ਸੀਮਾ ਲਗਾਉਣ ਦੇ ਬਾਵਜੂਦ 100 ਫੀਸਦੀ ਵਿਦੇਸ਼ੀ ਨਿਵੇਸ਼ ਜਾਰੀ ਰੱਖਣ ਦਾ ਦੋਸ਼ ਹੈ। ਈਡੀ ਵੱਲੋਂ 21 ਫਰਵਰੀ ਨੂੰ ਜਾਰੀ ਹੁਕਮਾਂ ਮੁਤਾਬਕ ਜੁਰਮਾਨਾ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਬੀਬੀਸੀ ਵਰਲਡ ਸਰਵਿਸ ਇੰਡੀਆ ‘ਤੇ ਪ੍ਰਤੀ ਦਿਨ 5,000 ਰੁਪਏ ਜੁਰਮਾਨਾ ਲਾਉਣ ਦਾ ਪ੍ਰਬੰਧ ਹੈ। ਇਹ ਜੁਰਮਾਨਾ ਰਾਸ਼ੀ 15 ਅਕਤੂਬਰ 2021 ਤੋਂ ਵਸੂਲੀ ਜਾਵੇਗੀ।
ਜਾਣਬੁੱਝ ਕੇ 100 ਫੀਸਦੀ ਵਿਦੇਸ਼ੀ ਨਿਵੇਸ਼ ਜਾਰੀ ਰੱਖਿਆ
ਦਰਅਸਲ, ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ ਨੇ 18 ਸਤੰਬਰ, 2019 ਨੂੰ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ, ਜਿਸ ਵਿੱਚ ਡਿਜੀਟਲ ਮੀਡੀਆ ਵਿੱਚ ਵਿਦੇਸ਼ੀ ਨਿਵੇਸ਼ ਦੀ ਸੀਮਾ 26 ਫੀਸਦੀ ਨਿਰਧਾਰਤ ਕਰਨ ਦੀ ਜਾਣਕਾਰੀ ਦਿੱਤੀ ਸੀ। ਇਸੇ ਪ੍ਰੈੱਸ ਨੋਟ ਵਿੱਚ ਕੰਪਨੀਆਂ ਨੂੰ ਨਵੇਂ ਨਿਯਮ ਮੁਤਾਬਕ ਵਿਦੇਸ਼ੀ ਨਿਵੇਸ਼ ਨੂੰ 26 ਫੀਸਦੀ ਤੱਕ ਲਿਆਉਣ ਲਈ 15 ਅਕਤੂਬਰ 2021 ਤੱਕ ਦਾ ਸਮਾਂ ਦਿੱਤਾ ਗਿਆ ਸੀ। ਪਰ ਬੀਬੀਸੀ ਵਰਲਡ ਸਰਵਿਸ ਇੰਡੀਆ ਦੇ ਡਾਇਰੈਕਟਰਾਂ ਨੇ ਜਾਣਬੁੱਝ ਕੇ ਇਸ ਸਮਾਂ ਸੀਮਾ ਦੀ ਉਲੰਘਣਾ ਕੀਤੀ ਅਤੇ 100 ਫੀਸਦੀ ਵਿਦੇਸ਼ੀ ਨਿਵੇਸ਼ ਜਾਰੀ ਰੱਖਿਆ।