ਗਿਰੀਡੀਹ (ਝਾਰਖੰਡ), ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਮਧੂਬਨ ਥਾਣਾ ਖੇਤਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਬੁੱਧਵਾਰ ਨੂੰ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ।
ਇਹ ਦੁਖਦਾਈ ਘਟਨਾ ਗਿਰੀਡੀਹ-ਡੁਮਰੀ ਸੜਕ ‘ਤੇ ਉਦੋਂ ਵਾਪਰੀ ਜਦੋਂ ਇੱਕ ਸਕਾਰਪੀਓ ਅਤੇ ਇੱਕ ਮੋਟਰਸਾਈਕਲ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਬਾਰੇ ਬੁੱਧਵਾਰ ਤੜਕੇ ਤੱਕ ਕਿਸੇ ਨੂੰ ਕੋਈ ਪਤਾ ਨਾ ਲੱਗਾ ਅਤੇ ਆਖ਼ਰ ਜਦੋਂ ਮੁਕਾਮੀ ਲੋਕਾਂ ਨੇ ਟੁੱਟੇ ਹੋਏ ਵਾਹਨ ਦੇਖੇ ਤਾਂ ਘਟਨਾ ਦਾ ਪਤਾ ਲੱਗਾ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮੌਕੇ ‘ਤੇ ਪਹੁੰਚਣ ‘ਤੇ ਪੁਲੀਸ ਅਧਿਕਾਰੀਆਂ ਨੂੰ ਸਕਾਰਪੀਓ ਦੇ ਚਾਰ ਸਵਾਰਾਂ ਅਤੇ ਬਾਈਕ ‘ਤੇ ਸਵਾਰ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਅਧਿਕਾਰੀਆਂ ਨੇ ਛੇ ਮ੍ਰਿਤਕਾਂ ਵਿੱਚੋਂ ਪੰਜ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿਚੋਂ ਦੋ ਬਿਹਾਰ ਤੇ ਬਾਕੀ ਝਾਰਖੰਡ ਦੇ ਰਹਿਣ ਵਾਲੇ ਸਨ। ਛੇਵੇਂ ਮ੍ਰਿਤਕ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਟੱਕਰ ਹੋ ਗਈ। ਸਕਾਰਪੀਓ ਡੁਮਰੀ ਵੱਲ ਜਾ ਰਹੀ ਸੀ, ਜਦੋਂ ਕਿ ਮੋਟਰਸਾਈਕਲ ਪਾਰਸਨਾਥ ਰੇਲਵੇ ਸਟੇਸ਼ਨ ਤੋਂ ਗਿਰੀਡੀਹ ਵੱਲ ਜਾ ਰਿਹਾ ਸੀ। ਜਿਸ ਥਾਂ ਹਾਦਸਾ ਵਾਪਰਿਆ, ਉਥੇ ਆਵਾਜਾਈ ਮੁਕਾਬਲਤਨ ਘੱਟ ਹੁੰਦੀ ਹੈ, ਜਿਸ ਕਾਰਨ ਹਾਦਸੇ ਦਾ ਪਤਾ ਦੇਰ ਬਾਅਦ ਲੱਗਾ।
ਇਹ ਭਿਆਨਕ ਹਾਦਸਾ ਸੜਕ ਸੁਰੱਖਿਆ ਅਤੇ ਤੇਜ਼ ਰਫ਼ਤਾਰ ਯਾਤਰਾ ਦੇ ਖ਼ਤਰਿਆਂ ਬਾਰੇ ਚਿੰਤਾਵਾਂ ਨੂੰ ਉਭਾਰਦਾ ਹੈ, ਖਾਸਕਰ ਘੱਟ ਰਾਤ ਦੇ ਸਮੇਂ ਅਤੇ ਘੱਟ ਆਵਾਜਾਈ ਵਾਲੀਆਂ ਸੜਕਾਂ ਉਤੇ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਘੱਟ ਆਵਾਜਾਈ ਵਾਲੀ ਸੜਕ ਉਤੇ ਵਾਹਨ ਚਾਲਕਾਂ ਦੀ ਚੌਕਸੀ ਘਟ ਜਾਂਦੀ ਹੈ ਤੇ ਵਾਹਨ ਦੀ ਰਫ਼ਤਾਰ ਵਧ ਜਾਂਦੀ ਹੈ, ਜੋ ਹਾਦਸਿਆਂ ਦਾ ਕਾਰਨ ਬਣਦੀ ਹੈ