ਤਰਨਤਾਰਨ : ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ‘ਤੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦੋ ਗੁੱਟ ਆਪਸ ਵਿਚ ਹੀ ਭਿੜ ਗਏ ਅਤੇ ਇਕ ਦੂਜੇ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਨਾ ਸਿਰਫ ਘਸੁੰਨ ਮੁੱਕੇ ਚੱਲੇ ਸਗੋਂ ਇਕ ਦੂਜੇ ‘ਤੇ ਡਾਂਗਾ ਸੋਟੇ ਵੀ ਚਲਾਏ ਗਏ। ਕੁੱਟਮਾਰ ਦੀ ਇਹ ਸਾਰੀ ਵੀਡੀਓ ਟੋਲ ਪਲਾਜ਼ਾ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਲੜਾਈ ਦਾ ਇਹ ਖੌਫਨਾਕ ਮੰਜ਼ਰ ਕੈਦ ਹੋ ਗਿਆ ਜਿਸ ਵਿਚ ਕਿਸਾਨ ਹੱਥਾਂ ਵਿਚ ਕਿਸਾਨੀ ਝੰਡੇ ਲੈ ਕੇ ਡੰਡਿਆਂ ਨਾਲ ਇਕ ਦੂਜੇ ਨਾਲ ਭਿੱੜਦੇ ਨਜ਼ਰ ਆਏ ਅਤੇ ਕੁੱਝ ਕਿਸਾਨ ਝਗੜਾ ਵੱਧਦਾ ਵੇਖ ਭੱਜਦੇ ਵੀ ਨਜ਼ਰ ਆਏ। ਦਰਅਸਲ ਟੋਲ ਪਲਾਜ਼ਾ ‘ਤੇ ਕੰਮ ਕਰਨ ਵਾਲੇ ਕਿਸੇ ਕਰਮਚਾਰੀ ਨੇ ਖਨੌਰੀ ਬਾਰਡਰ ਤੋਂ ਆਏ ਕਿਸਾਨ ਦੀ ਕਮਰਸ਼ੀਅਲ ਗੱਡੀ ਦੀ ਪਰਚੀ ਕੱਟਣੀ ਚਾਹੀ ਤਾਂ ਅੰਮ੍ਰਿਤਸਰ ਅਤੇ ਜੰਡਿਆਲਾ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਟੋਲ ਪਲਾਜ਼ਾ ਉੱਤੇ ਪਹੁੰਚ ਗਏ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਟੋਲ ਪਲਾਜ਼ਾ ਵਾਲਿਆਂ ਦੇ ਹਿਮਾਈਤੀ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਤਰਨਤਾਰਨ ਦੀ ਸਥਾਨਕ ਇਕਾਈ ਸਿੱਧੂਪੁਰ ਯੂਨੀਅਨ ਦੇ ਕਿਸਾਨ ਵੀ ਟੋਲ ਪਲਾਜ਼ਾ ‘ਤੇ ਆ ਗਏ। ਇਸ ਵਿਚਾਲੇ ਦੋਵੇਂ ਧਿਰਾਂ ਦੇ ਕਿਸਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਮਾਹੌਲ ਭੱਖ ਗਿਆ ਅਤੇ ਕਿਸਾਨਾਂ ਨੇ ਇਕ-ਦੂਜੇ ‘ਤੇ ਹੀ ਹਮਲਾ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਦੀ ਅੱਖ ਉੱਤੇ ਸੱਟ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਝਗੜੇ ਦੇ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਦੀ ਵੀ ਭੰਨਤੋੜ ਕੀਤੀ।