ਮੌੜ ਮੰਡੀ : ਪਿੰਡ ਘਸੋਖਾਨੇ ਦੇ ਅੰਦਰ ਦੀ ਠੇਕੇਦਾਰ ਵਲੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਸਿੱਧਪੁਰ ਦੇ ਆਗੂਆਂ ਵੱਲੋਂ ਵਿਰੋਧ ਕਰਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨ ਯੂਨੀਅਨ ਦੇ ਆਗੂ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ ਜਨਰਲ ਸਕੱਤਰ, ਬਲਵਿੰਦਰ ਸਿੰਘ ਜੋਧਪੁਰ ਬਲਾਕ ਪ੍ਰਧਾਨ ਮੌੜ ਤੇ ਪਿੰਡ ਦੇ ਸਰਪੰਚ ਹਰਜੱਸ ਸਿੰਘ ਦੇ ਨਾਲ ਨਾਲ ਹੋਰ 22 ਪਿੰਡ ਵਾਸੀਆਂ ਨੂੰ ਗ੍ਰਿਫਤਾਰ ਕਰਕੇ ਧਾਰਾ 7/51 ਦੇ ਤਹਿਤ ਜੇਲ੍ਹ ਭੇਜ ਦਿੱਤਾ। ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਬਲ ਤੈਨਾਤ ਕਰਕੇ ਪਾਈਪਾਂ ਪਾਉਣ ਦਾ ਕੰਮ ਜੇਸੀਵੀ ਮਸ਼ੀਨਾਂ ਰਾਹੀਂ ਕੀਤਾ ਜਾ ਰਿਹਾ ਹੈ ਭਾਵੇਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪਿੰਡ ਅੰਦਰ ਸੈਂਕੜੇ ਕਿਸਾਨ ਤੇ ਕਿਸਾਨੀ ਔਰਤਾਂ ਵਲੋਂ ਪਿੰਡ ਅੰਦਰ ਝੰਡਾ ਮਾਰਚ ਕਰਕੇ ਪਾਈਪਾਂ ਪਾਉਣ ਦਾ ਕੰਮ ਰੋਕਣ ਲਈ ਪਾਈਪਾਂ ਪਾਉਣ ਵਾਲੀ ਥਾਂ ਅਤੇ ਕੰਮ ਰੋਕਣ ਦੀ ਕੋਸ਼ਿਸ ਕੀਤੀ ਗਈ ਪਰ ਉੱਥੇ ਪਹਿਲਾ ਤੋਂ ਤਾਇਨਾਤ ਪੁਲਿਸ ਫੋਰਸ ਵਲੋਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਦੱਸੀ ਥਾਂ ‘ਤੇ ਲੈ ਗਏ, ਜਿਨ੍ਹਾਂ ਦੀ ਗਿਣਤੀ 40 ਤੋਂ 45 ਹੈ। ਪਿੰਡ ਅੰਦਰ ਅੱਜ ਵੀ ਕੰਮ ਐਸ ਪੀ ਹਿਨਾ ਗੁਪਤਾ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕਰਨਾ ਤੇ ਜੇਲ ਭੇਜਣ ਨੂੰ ਲੈ ਕੇ ਕਈ ਪਿੰਡਾਂ ਅੰਦਰ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਨਿੰਦਿਆ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ, ਜੋ ਧੱਕੇਸ਼ਾਹੀਆਂ ਕਿਸਾਨਾਂ ਨਾਲ ਹੋਈਆਂ ਨੇ ਇਹ ਅੱਜ ਤੱਕ ਦਾ ਇਤਿਹਾਸ ਹੈ ਕਿ ਕਿਸੇ ਵੀ ਸਰਕਾਰ ਨੇ ਕਿਸਾਨਾਂ ‘ਤੇ ਇੰਨਾ ਜ਼ੁਲਮ ਤੇ ਧੱਕਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿਸਾਨਾਂ ਦੇ ਸਹਾਰੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਕਿਸਾਨਾਂ ਨੂੰ ਹੀ ਕੁਚਲਣਾ ਚਾਹੁੰਦੀ ਹੈ, ਜੋ ਕਿ ਸਰਕਾਰ ਦਾ ਇੱਕ ਵਹਿਮ ਹੈ ਅਤੇ ਇਸ ਵਹਿਮ ਨੂੰ ਕਿਸਾਨ 2027 ਦੀਆਂ ਚੋਣਾਂ ਵਿੱਚ ਕੱਢ ਦੇਣਗੇ।