ਪਟਿਆਲਾ : ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪਟਿਆਲਾ ਤੇ ਹੋਰ ਰਹੇ ਸੂਬਾ ਪੱਧਰੀ ਸਮਾਗਮ ਦੇ ਸਬੰਧ ‘ਚ ਦਿੱਤੀ ਧਮਕੀ ‘ਤੇ ਡੀਆਈਜੀ ਮਨਦੀਪ ਸਿੰਘ ਸਿੱਧੂ (DIG Mandeep Singh Sidhu) ਨੇ ਕਿਹਾ ਕਿ ਭਗੌੜਾ ਪੰਨੂ ਵਿਦੇਸ਼ੀ ਧਰਤੀ ‘ਤੇ ਬੈਠ ਕੇ ਗਿੱਦੜ ਧਮਕੀਆਂ ਦਿੰਦਾ ਹੈ। ਜਲਦ ਹੀ ਉਸ ਨੂੰ ਪੁਲਿਸ ਦੇ ਕੈਂਟਰ ‘ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਂਦਾ ਜਾਵੇਗਾ। ਸਿੱਧੂ ਨੇ ਕਿਹਾ ਕਿ ਉਸਦਾ ਮਕਸਦ ਸਿਰਫ ਦਹਿਸ਼ਤ ਫਲਾਉਣਾ ਹੈ ਅਤੇ ਪੁਲਿਸ ਇਸਦੀਆਂ ਫੋਕੀਆਂ ਫੜਾਂ ਤੋਂ ਡਰਨ ਵਾਲੀ ਨਹੀਂ। ਪੰਨੂ ਦੇ ਇਹ ਸਿਰਫ ਵਿਦੇਸ਼ ‘ਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਢਕਵੰਜ ਹਨ।
ਡੀਆਈਜੀ ਨੇ ਕਿਹਾ ਕਿ ਉਸ ਨੂੰ ਅਹਿਸਾਸ ਨਹੀਂ ਕਿ ਪਟਿਆਲਾ ਸ਼ਹਿਰ ਦੇ ਲੋਕ ਜਿਹੜੇ ਲੋਕ ਸ਼੍ਰੀ ਕਾਲੀ ਮਾਤਾ ਮੰਦਰ ਜਾਂਦੇ ਹਨ ਉਹ ਸ਼੍ਰੀ ਦੁਖਨਿਵਾਰਨ ਸਾਹਿਬ ਵੀ ਜਾਂਦੇ ਹਨ। ਇਸ ਲਈ ਇਥੋਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਸੰਭਵ ਨਹੀਂ ਹੈ।
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਨੂ ਖੁਦ ਵੀ ਪੂਰਨ ਸਿੱਖ ਨਜ਼ਰ ਨਹੀਂ ਆਉਂਦਾ, ਇਸ ਲਈ ਨੌਜਵਾਨ ਇਸ ਦੇ ਝਾਂਸੇ ‘ਚ ਨਾ ਆਉਣ। ਗਣਤੰਤਰ ਦਿਵਸ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਪੁਲਿਸ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।