ਚੰਡੀਗੜ੍ਹ ‘ਚ 24 ਘੰਟੇ ਖੁੱਲ੍ਹੇ ਰਹਿਣਗੇ ਬਾਜ਼ਾਰ, ਦੁਕਾਨਦਾਰ ਖੁਦ ਨੂੰ ਕਰਵਾਉਣਗੇ ਰਜਿਸਟਰ, ਫਿਰ ਉਠਾ ਸਕਣਗੇ ਸਹੂਲਤ ਦਾ ਲਾਭ

ਚੰਡੀਗੜ੍ਹ ਸ਼ਹਿਰ ਵਿਚ ਹੁਣ ਸਾਰੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ। ਪ੍ਰਸ਼ਾਸਨ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਦੁਕਾਨਦਾਰਾਂ ਨੂੰ ਪਹਿਲਾਂ ਕਿਰਤ ਵਿਭਾਗ ਦੀ ਵੈੱਬਸਾਈਟ ‘ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ।
ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੋਲ੍ਹਣ ਲਈ ਮੁਲਾਜ਼ਮਾਂ ਦੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਇਹ ਫੈਸਲਾ ਲਿਆ ਹੈ ਚੰਡੀਗੜ੍ਹ ਦੇ ਵਪਾਰੀ ਕਈ ਦਿਨਾਂ ਤੋਂ ਇਸ ਦੀ ਮੰਗ ਕਰ ਰਹੇ ਸਨ ਪਰ ਇਹ ਹੁਕਮ ਸ਼ਰਾਬ ਦੀਆਂ ਦੁਕਾਨਾਂ, ਪੱਬਾਂ, ਬਾਰਾਂ ਅਤੇ ਕਲੱਬਾਂ ‘ਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਦਾ ਸਮਾਂ ਪਹਿਲਾਂ ਹੀ ਤੈਅ ਕੀਤਾ ਹੋਇਆ ਰਹੇਗਾ।
ਚੰਡੀਗੜ੍ਹ ਪ੍ਰਸ਼ਾਸਨ ਜਾਰੀ ਕੀਤੀਆਂ ਹਦਾਇਤਾਂ
-ਕਿਸੇ ਵੀ ਮੁਲਾਜ਼ਮ ਨੂੰ 9 ਘੰਟੇ ਤੋਂ ਵੱਧ ਕੰਮ ਨਹੀਂ ਕਰਵਾਇਆ ਜਾ ਸਕਦਾ।
-ਕਾਮੇ ਨੂੰ ਹਫ਼ਤੇ ਵਿੱਚ ਇੱਕ ਛੁੱਟੀ ਵੀ ਦੇਣੀ ਪਵੇਗੀ।
-ਇਸ ਲ਼ਈ ਉਸ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।
-ਹਰ ਕਰਮਚਾਰੀ ਨੂੰ ਲਗਾਤਾਰ 5 ਘੰਟੇ ਕੰਮ ਕਰਨ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਆਰਾਮ ਦਿੱਤਾ ਜਾਵੇਗਾ।
-ਹਫ਼ਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕੀਤਾ ਜਾ ਸਕਦਾ ਹੈ।
-ਜੇਕਰ ਰਾਤ 10 ਵਜੇ ਤੋਂ ਬਾਅਦ ਵੀ ਦੁਕਾਨ ਖੁੱਲ੍ਹੀ ਰਹਿੰਦੀ ਹੈ ਤਾਂ ਦੁਕਾਨ ਮਾਲਕ ਨੂੰ ਸਾਰੇ ਕਰਮਚਾਰੀਆਂ ਅਤੇ ਗਾਹਕਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ।
-ਜੇਕਰ ਕੋਈ ਮਹਿਲਾ ਕਰਮਚਾਰੀ ਰਾਤ 8 ਵਜੇ ਤੋਂ ਬਾਅਦ ਕੰਮ ‘ਤੇ ਹੈ ਤਾਂ ਉਸ ਤੋਂ ਲਿਖਤੀ ਸਹਿਮਤੀ ਲੈਣੀ ਪਵੇਗੀ।
-ਮਹਿਲਾ ਕਰਮਚਾਰੀਆਂ ਲਈ ਵੱਖਰਾ ਲਾਕਰ, ਸੁਰੱਖਿਆ ਅਤੇ ਆਰਾਮ ਕਮਰੇ ਦਾ ਪ੍ਰਬੰਧ ਕਰਨਾ ਹੋਵੇਗਾ।
-ਕੰਮ ਖਤਮ ਹੋਣ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਦੁਕਾਨ ਮਾਲਕ ਦੀ ਹੋਵੇਗੀ।
-ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਉਣੇ ਹੋਣਗੇ। ਜਿਸ ਦੀ ਰਿਕਾਰਡਿੰਗ ਦਾ ਬੈਕਅੱਪ ਘੱਟੋ-ਘੱਟ 15 ਦਿਨਾਂ ਲਈ ਰੱਖਣਾ ਹੋਵੇਗਾ।
-ਮਹਿਲਾ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ ਇੱਕ ਛੁੱਟੀ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਤਿਉਹਾਰਾਂ ਮੌਕੇ ਛੁੱਟੀ ਦੇਣੀ ਪਵੇਗੀ। ਜੇਕਰ ਕੋਈ ਕਰਮਚਾਰੀ ਵਾਧੂ ਕੰਮ ਕਰਦਾ ਹੈ ਤਾਂ ਉਸਨੂੰ ਓਵਰਟਾਈਮ ਦੇਣਾ ਪਵੇਗਾ।

Leave a Reply

Your email address will not be published. Required fields are marked *