ਨਵੀਂ ਦਿੱਲੀ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਭਾਜਪਾ ਦੇ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ’ਚ 50 ਫੀਸਦੀ ਤੋਂ ਵੱਧ ਬੂਥ ਜਿੱਤਣ ਦਾ ਟੀਚਾ ਬਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ‘ਆਪ’ ਸਰਕਾਰ ਪ੍ਰਤੀ ਗੁੱਸਾ ਜ਼ਾਹਰ ਕਰ ਰਹੇ ਹਨ ਅਤੇ ਵਾਅਦੇ ਯਾਦ ਕਰਵਾ ਰਹੇ ਹਨ। ਦਿੱਲੀ ਭਾਜਪਾ ਦੇ ਮੈਂਬਰਾਂ ਨਾਲ ਇੱਕ ਆਨਲਾਈਨ ਗੱਲਬਾਤ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ), ਜਿਸਨੂੰ ਉਨ੍ਹਾਂ “ਆਪਦਾ” (ਆਫਤ) ਕਿਹਾ ਸੀ, ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ‘ਆਪਦਾ’ ਹਰ ਰੋਜ਼ ਨਵੇਂ ਐਲਾਨ ਕਰ ਰਹੀ ਹੈ, ਕਿਉਂਕਿ ਇਸ ਨੂੰ ਰੋਜ਼ਾਨਾ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ਮੀਨ ਗੁਆਉਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।
ਉਨ੍ਹਾਂ ਨੇ ‘ਆਪ’ ‘ਤੇ ‘ਪੂਰਵਾਂਚਲ’ ਦੇ ਲੋਕਾਂ ਨੂੰ ਕੌਮੀ ਰਾਜਧਾਨੀ ਤੋਂ ਬਾਹਰ ਧੱਕਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ, ਦੋਸ਼ ਲਾਇਆ ਕਿ ਪਾਰਟੀ ਵਿਚ ਉਨ੍ਹਾਂ ਲਈ ਨਫ਼ਰਤ ਨਾਲ ਭਰੀ ਹੋਈ ਹੈ।
ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਦਿੱਲੀ ਨੂੰ ਵਿਕਸਤ ਭਾਰਤ ਦੀ ਵਿਕਸਤ ਰਾਜਧਾਨੀ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਰਾਹ ਪੱਧਰਾ ਕਰੇਗੀ। ਲੋਕਾਂ ਨੂੰ ਪਾਣੀ ਵਰਗੀਆਂ ਮੁੱਢਲੀਆਂ ਲੋੜਾਂ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹਿਣ ਲਈ ਸ਼ਹਿਰ ਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਭਾਜਪਾ ਦੇ ਇੱਕ ਮੈਂਬਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਸ਼ਰਾਬ ਮਿਲਦੀ ਹੈ ਪਰ ਪਾਣੀ ਨਹੀਂ’।ਕੇਜਰੀਵਾਲ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਸ਼ੀਸ਼ਮਹਿਲ’ ‘ਆਪ’ ਦੇ ਧੋਖੇ ਅਤੇ ਝੂਠ ਦੀ ਜ਼ਿੰਦਾ ਮਿਸਾਲ ਹੈ।