ਜੰਤਰ-ਮੰਤਰ ਪਹੁੰਚ ਕੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਨਗੇ ਰਾਹੁਲ ਅਤੇ ਵਿਰੋਧੀ ਨੇਤਾ

rahul gandhi /nawanpunjab.com

ਨਵੀਂ ਦਿੱਲੀ,6 ਅਗਸਤ (ਦਲਜੀਤ ਸਿੰਘ)- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਨੇਤਾ ਸ਼ੁੱਕਰਵਾਰ ਦੁਪਹਿਰ ਇੱਥੇ ਜੰਤਰ-ਮੰਤਰ ਪਹੁੰਚ ਕੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਇਕਜੁਟਤਾ ਪ੍ਰਗਟ ਕਰਨਗੇ। ਕਾਂਗਰਸ ਅਤੇ ਕਈ ਹੋਰ ਵਿਰੋਧੀ ਦਲ ਦੇ ਨੇਤਾਵਾਂ ਦੀ ਬੈਠਕ ‘ਚ ਇਹ ਫ਼ੈਸਲਾ ਕੀਤਾ ਗਿਆ। ਇਸ ਬੈਠਕ ‘ਚ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ ਦੇ ਵਿਰੋਧੀ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ, ਜੈਰਾਮ ਰਮੇਸ਼, ਦਰਮੁਕ ਦੇ ਟੀ.ਆਰ. ਬਾਲੂ, ਸ਼ਿਵ ਸੈਨਾ ਦੇ ਸੰਜੇ ਰਾਊਤ ਅਤੇ ਹੋਰ ਵਿਰੋਧੀ ਦਲਾਂ ਦੇ ਨੇਤਾ ਸ਼ਾਮਲ ਹੋਏ। ਸੂਤਰਾਂ ਨੇ ਦੱਸਿਆ ਕਿ ਖੜਗੇ ਦੇ ਸੰਸਦ ਭਵਨ ਸਥਿਤ ਕਮਰੇ ‘ਚ ਹੋਈ ਇਸ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਕਿ ਵਿਰੋਧੀ ਧਿਰ ਨੇਤਾ ਸ਼ੁੱਕਰਵਾਰ ਦੁਪਹਿਰ ਜੰਤਰ-ਮੰਤਰ ਪਹੁੰਚ ਕੇ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜਤਾਉਣਗੇ।

ਦੱਸਣਯੋਗ ਹੈ ਕਿ ਸੰਸਦ ਸੈਸ਼ਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ ‘ਤੇ ਪਿਛਲੇ ਕੁਝ ਦਿਨਾਂ ਤੋਂ ਸਾਂਕੇਤਿਕ ‘ਸੰਸਦ’ ਦਾ ਆਯੋਜਨ ਕੀਤੇ ਹੋਏ ਹਨ। ਕਿਸਾਨ ਜਥੇਬੰਦੀਆਂ ਦੀ ਮੰਗ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਹੈ। ਸੂਤਰਾਂ ਅਨੁਸਾਰ, ਵਿਰੋਧੀ ਧਿਰ ਨੇਤਾਵਾਂ ਦੀ ਬੈਠਕ ‘ਚ ਇਹ ਵੀ ਤੈਅ ਕੀਤਾ ਗਿਆ ਕਿ ਪੈਗਾਸਸ ਜਾਸੂਸੀ ਮਾਮਲਾ ਅਤੇ ਮਹਿੰਗਾਈ ਦੇ ਮੁੱਦੇ ‘ਤੇ ਸਰਕਾਰ ਨੂੰ ਅੱਗੇ ਵੀ ਘੇਰਿਆ ਜਾਵੇਗਾ। ਪੈਗਾਸਸ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ, ਸੰਸਦ ਦੇ ਮਾਨਸੂਨ ਸੈਸ਼ਨ ‘ਚ ਸ਼ੁਰੂ ਤੋਂ ਹੀ ਦੋਹਾਂ ਸਦਨ ‘ਚ ਗਤੀਰੋਧ ਬਣਿਆ ਹੋਇਆ ਹੈ। 19 ਜੁਲਾਈ ਤੋਂ ਇਹ ਸੈਸ਼ਨ ਸ਼ੁਰੂ ਹੋਇਆ ਸੀ ਪਰ ਹੁਣ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਰੁਕੀ ਹੈ। ਵਿਰੋਧੀ ਦਲ ਇਸ ਗੱਲ ‘ਤੇ ਜ਼ੋਰ ਦਿੰਦੇ ਰਹੇ ਹਨ ਕਿ ਪੈਗਾਸਸ ਜਾਸੂਸੀ ਮੁੱਦੇ ‘ਤੇ ਪਹਿਲੇ ਚਰਚਾ ਕਰਵਾਉਣ ਲਈ ਸਰਕਾਰ ਦੇ ਤਿਆਰ ਹੋਣਦੇ ਬਾਅਦ ਹੀ ਸੰਸਦ ‘ਚ ਗਤੀਰੋਧ ਖ਼ਤਮ ਹੋਵੇਗਾ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰਦੇ ਹੋਏ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਕਿਹਾ ਸੀ ਕਿ ਇਹ ਕੋਈ ਮੁੱਦਾ ਹੀ ਨਹੀਂ ਹੈ।

Leave a Reply

Your email address will not be published. Required fields are marked *