ਨਵੀਂ ਦਿੱਲੀ : ਆਈਸੀਸੀ ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਇੱਕ ਵਾਰ ਫਿਰ ਤੋਂ ਨਵਾਂ ਹੰਗਾਮਾ ਸ਼ੁਰੂ ਹੋ ਗਿਆ ਹੈ। ਮੇਜ਼ਬਾਨੀ ਨੂੰ ਲੈ ਕੇ ਲੰਬੀ ਬਹਿਸ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਭਾਰਤੀ ਟੀਮ ‘ਤੇ ਇੱਕ ਨਵਾਂ ਦੋਸ਼ ਲਗਾਇਆ ਹੈ। ਭਾਰਤੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਇਸ ਦੇ ਨਾਲ ਹੀ ਟੀਮ ਇੰਡੀਆ ਦੀ ਜਰਸੀ ‘ਤੇ ਪਾਕਿਸਤਾਨ ਨਹੀਂ ਛਾਪਿਆ ਜਾਵੇਗਾ। ਪੀਬੀਸੀ ਹੁਣ ਇਸ ‘ਤੇ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ। ਪਹਿਲਾਂ, ਪੀਸੀਬੀ ਹਾਈਬ੍ਰਿਡ ਮਾਡਲ ‘ਤੇ ਟੂਰਨਾਮੈਂਟ ਨਾ ਕਰਵਾਉਣ ‘ਤੇ ਅੜਿਆ ਹੋਇਆ ਸੀ, ਪਰ ਬਾਅਦ ਵਿੱਚ ਭਾਰਤੀ ਟੀਮ ਦੇ ਸਾਰੇ ਮੈਚ ਪਾਕਿਸਤਾਨ ਤੋਂ ਬਾਹਰ ਕਰਵਾਉਣ ਲਈ ਸਹਿਮਤ ਹੋ ਗਿਆ।
ਪੀਸੀਬੀ ਦੇ ਇੱਕ ਅਧਿਕਾਰੀ ਨੇ ਆਈਏਐਨਐਸ ਨਾਲ ਗੱਲਬਾਤ ਕਰਦੇ ਹੋਏ ਬੀਸੀਸੀਆਈ ‘ਤੇ ਕ੍ਰਿਕਟ ਵਿੱਚ ਰਾਜਨੀਤੀ ਲਿਆਉਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ, ਬੀਸੀਸੀਆਈ ਭਾਰਤੀ ਟੀਮ ਦੀ ਜਰਸੀ ‘ਤੇ ਪਾਕਿਸਤਾਨ ਦੀ ਛਪਾਈ ਨਹੀਂ ਕਰਵਾਏਗਾ। ਪੀਸੀਬੀ ਦੀ ਨਾਰਾਜ਼ਗੀ ਸਿਰਫ਼ ਜਰਸੀ ‘ਤੇ ਨਾਮ ਬਾਰੇ ਨਹੀਂ ਹੈ, ਸਗੋਂ ਬੀਸੀਸੀਆਈ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ ਨੂੰ ਕਪਤਾਨਾਂ ਦੀ ਮੁਲਾਕਾਤ ਲਈ ਪਾਕਿਸਤਾਨ ਭੇਜਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਵੀ ਪੀਸੀਬੀ ਦੇ ਅਧਿਕਾਰੀ ਬੀਸੀਸੀਆਈ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।