ਸੰਗਰੂਰ : ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਸਮੇਤ ਹੋਰ ਕਿਸਾਨਾਂ ਮੰਗਾਂ ਲਈ ਖਨੌਰੀ ਬਾਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਖ਼ਤਮ ਕਰਨ ਦੀਆਂ ਅਪੀਲਾਂ ’ਤੇ ਕਿਹਾ ਹੈ ਕਿ ਜਦੋਂ ਕੇਂਦਰ ’ਤੇ ਦਬਾਅ ਬਣ ਰਿਹਾ ਹੈ, ਉਸ ਘੜੀ ਮਰਨ ਵਰਤ ਤੋੜਨ ਨਾਲ ਕੇਂਦਰ ’ਤੇ ਦਬਾਅ ਘੱਟ ਜਾਵੇਗਾ। ਸਾਨੂੰ ਇਕਜੁੱਟ ਰਹਿਣ ਤੇ ਹੋਰ ਮਜ਼ਬੂਤ ਹੋਣ ਦੀ ਜ਼ਰੂਰਤ ਹੈ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਕੀਤੀ ਜਾ ਰਹੀ ਅਪੀਲ ’ਤੇ ਮੰਗਲਵਾਰ ਨੂੰ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਲਾਹ ਲਈ ਧੰਨਵਾਦ। ਸਾਰੇ ਚਾਹੁੰਦੇ ਹਨ ਕਿ ਉਹ ਮਰਨ ਵਰਤ ਖ਼ਤਮ ਕਰ ਦੇਣ, ਪਰ ਉਨ੍ਹਾਂ ਦੇ ਲੰਬੇ ਮਰਨ ਵਰਤ, 121 ਕਿਸਾਨਾਂ ਦੀ ਭੁੱਖ ਹੜਤਾਲ ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਬਦੌਲਤ ਪਿਛਲੇ ਸਾਲ ਫਰਵਰੀ ਤੋਂ ਬੰਦ ਕੇਂਦਰ ਨਾਲ ਗੱਲਬਾਤ ਦੇ ਰਸਤੇ ਦੁਬਾਰਾ ਖੁੱਲ੍ਹੇ ਹਨ। ਕੇਂਦਰ ਸਰਕਾਰ ’ਤੇ ਗੱਲਬਾਤ ਦਾ ਦਬਾਅ ਬਣਾਉਣ ’ਚ ਕਾਮਯਾਬੀ ਮਿਲੀ ਹੈ। ਹੁਣ ਜਦੋਂ ਕੇਂਦਰ ’ਤੇ ਦਬਾਅ ਬਣ ਰਿਹਾ ਹੈ, ਇਸ ਘੜੀ ਮਰਨ ਵਰਤ ਤੋੜ ਕੇ ਦਬਾਅ ਖ਼ਤਮ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਇੱਕਜੁਟਤਾ ਤੇ ਮਜ਼ਬੂਤੀ ਬਣਾਈ ਰੱਖਣ ਦੀ ਜ਼ਰੂਰਤ ਹੈ।
ਮਰਨ ਵਰਤ ਤੋੜਦਾ ਤਾਂ ਕੇਂਦਰ ’ਤੇ ਦਬਾਅ ਘੱਟ ਹੋ ਜਾਂਦਾ, ਗੱਲਬਾਤ ਦਾ ਇਕ ਸਾਲ ਤੋਂ ਬੰਦ ਰਾਹ ਇਸੇ ਅੰਦੋਲਨ ਕਾਰਨ ਖੁੱਲ੍ਹਾ : ਡੱਲੇਵਾਲ
