ਚੰਡੀਗੜ੍ਹ : ਹਰਿਆਣਾ ’ਚ ਪਰਿਵਾਰ ਪਛਾਣ ਪੱਤਰ (ਪੀਪੀਪੀ) ’ਚ ਦਰਜ ਸਾਲਾਨਾ ਕਮਾਈ ਦੇ ਆਧਾਰ ’ਤੇ ਕਰੀਬ 10 ਲੱਖ ਪਰਿਵਾਰ ਗ਼ਰੀਬਾਂ ਦੀ ਸੂਚੀ ’ਚੋਂ ਬਾਹਰ ਹੋ ਗਏ ਹਨ। ਜੇ ਕਿਸੇ ਯੋਗ ਵਿਅਕਤੀ ਨੇ ਆਪਣੀ ਪਾਤਰਤਾ ’ਚ ਤਬਦੀਲੀ ਕਰਵਾਉਣੀ ਹੈ ਤਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਹਲਫ਼ਨਾਮਾ ਦੇ ਕੇ ਦਰੁਸਤ ਕਰਵਾ ਸਕਦਾ ਹੈ। ਪਰਿਵਾਰ ਪਛਾਣ ਸੰਖਿਆ ਡੇਟਾਬੇਸ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਸੂਬੇ ’ਚ 30 ਲੱਖ 38 ਹਜ਼ਾਰ 942 ਪਰਿਵਾਰਾਂ ਦੀ ਆਮਦਨ ਇਕ ਲੱਖ 80 ਹਜ਼ਾਰ ਤੋਂ ਘੱਟ ਹੋਣ ਦੀ ਵੈਰੀਫਿਕੇਸ਼ਨ ਹੋਈ ਹੈ। ਇਸ ਤਰ੍ਹਾਂ ਇਨ੍ਹਾਂ ਪਰਿਵਾਰਾਂ ਦੇ ਕੁੱਲ ਇਕ ਕਰੋੜ 21 ਲੱਖ 57 ਹਜ਼ਾਰ 298 ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੰਗਲਵਾਰ ਨੂੰ ਵਿਧਾਨ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਬੀਪੀਐੱਲ ਦਾ ਕਾਰਡ ਬਣਵਾਉਣ ਤੋਂ ਵਾਂਝਾ ਨਹੀਂ ਰਹੇਗਾ। ਸਾਰੇ ਯੋਗ ਪਰਿਵਾਰਾਂ ਨੂੰ ਬੀਪੀਐੱਲ ਦੀ ਸ਼੍ਰੇਣੀ ਦੇ ਰਾਸ਼ਨ ਕਾਰਡ ਜਾਰੀ ਕੀਤੇ ਜਾਣਗੇ। ਪਰਿਵਾਰ ਪਛਾਣ ਪੱਤਰ ’ਚ ਵੈਰੀਫਿਕੇਸ਼ਨ ਹੋਈ ਆਮਦਨ ਦੇ ਆਧਾਰ ’ਤੇ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ।