ਫਤਿਹਗੜ੍ਹ ਚੂੜੀਆਂ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹਲਕਾ ਅਜਨਾਲਾ ਦੇ ਪਿੰਡ ਚੱਕ ਸਿਕੰਦਰ ਦੇ ਨੌਜਵਾਨ ਦੀ ਹੋਈ ਮੌਤ ਨੂੰ ਲੈ ਕੇ ਐੱਸਐੱਚਓ ਨੂੰ ਪਰਚਾ ਦਰਜ ਨਾ ਕਰਨ ਦੀ ਸੂਰਤ ’ਚ ਪੁਲਿਸ ਲਾਈਨ ’ਚ ਹਾਜ਼ਰੀ ਪਾਉਣ ਦੀ ਵੀਡੀਓ ਵਾਇਰਲ ਹੋਈ ਸੀ ਤੇ ਉਸ ਵਾਇਰਲ ਵੀਡੀਓ ਤੋਂ ਕੁਝ ਘੰਟੇ ਬਾਅਦ ਹੀ ਥਾਣਾ ਝੰਡੇਰ ਦੀ ਐੱਸਐੱਚਓ ਕਮਲਪ੍ਰੀਤ ਕੌਰ ਦਾ ਤਬਾਦਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਲਾਈਨ ਵਿਖੇ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਅਰਜੁਨ ਕੁਮਾਰ ਨੂੰ ਐੱਸਐੱਚਓ ਲਗਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਚੱਕ ਸਿਕੰਦਰ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪਿੰਡ ਦੇ ਹੀ ਵਿਅਕਤੀਆਂ ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ।
ਪਰਿਵਾਰਕ ਮੈਂਬਰ ਜਦ ਆਪਣੀ ਗੱਲ ਕਰਨ ਥਾਣਾ ਝੰਡੇਰ ਪਹੁੰਚੇ ਤਾਂ ਉਨ੍ਹਾਂ ਨੂੰ ਨਵਾਂ ਐੱਸਐੱਚਓ ਅਰਜੁਣ ਕੁਮਾਰ ਥਾਣੇ ’ਚ ਮੌਜੂਦ ਨਾ ਹੋਣ ਕਾਰਨ ਐੱਸਆਈ ਦਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਪਰਿਵਾਰ ਨਾਲ ਤਲਖੀ ’ਚ ਬੋਲਣ ਲੱਗ ਪਏ। ਪਰਿਵਾਰ ਵਾਲਿਆਂ ਨੇ ਕਿਹਾ ਕਿ ਗੁਰਬਾਜ ਸਿੰਘ ਦੀ ਕੁੱਟਮਾਰ ਕਾਰਨ ਮੌਤ ਹੋਈ ਹੈ ਅਤੇ ਪੁਲਿਸ 174 ਦੀ ਕਾਰਵਾਈ ਕਰ ਕੇ ਹੀ ਕੰਮ ਸਾਰ ਰਹੀ ਹੈ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਵਿਰੁੱਧ ਵੱਖ ਵੱਖ ਧਾਰਵਾਂ ਅਧੀਨ ਮਾਮਲਾ ਦਰਜ ਕਰਨ ਦੀ ਗੁਹਾਰ ਲਗਾਈ ਹੈ। ਉਕਤ ਮਾਮਲੇ ਦੇ ਸਬੰਧ ’ਚ ਐੱਸਐੱਚਓ ਅਰਜੁਨ ਕੁਮਾਰ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸੇ ਕੇਸ ਦੇ ਸਬੰਧ ’ਚ ਬਾਹਰ ਹਨ ਅਤੇ ਚੱਕ ਸਿੰਕਦਰ ਵਾਲੇ ਕੇਸ ਵਿਚ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਂਣ ਤੋਂ ਬਾਅਦ ਹੀ ਅਗਲੇਰੀ ਕਾਨੂੰਨੀ ਕਾਰਵਾਈ ਹੋਵੇਗੀ।