ਹਾਈ ਅਲਰਟ ‘ਤੇ ਪੰਜਾਬ, ਪੁਲਸ ਮੁਲਾਜ਼ਮਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ

ਚੰਡੀਗੜ੍ਹ/ਅੰਮ੍ਰਿਤਸਰ (ਧਵਨ, ਸੁਧੀਰ, ਸੁਧੀਰ)–ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਗਣਤੰਤਰ ਦਿਵਸ-2025 ਦੇ ਸ਼ਾਂਤੀਪੂਰਨ ਸਮਾਗਮਾਂ ਨੂੰ ਯਕੀਨੀ ਬਣਾਉਣ ਲਈ ਡੀ. ਜੀ. ਪੀ. ਗੌਰਵ ਯਾਦਵ ਨੇ ਪੂਰੇ ਸੂਬੇ ਵਿਚ ਸੁਰੱਖਿਆ ਉਪਾਵਾਂ ’ਚ ਵਾਧਾ ਕਰਨ, ਪੁਲਸ ਦੀ ਮੌਜੂਦਗੀ ਵਧਾਉਣ ਅਤੇ ਨਾਈਟ ਡੋਮੀਨੇਸ਼ਨ ਮੁਹਿੰਮ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਡੀ. ਜੀ. ਪੀ. ਨੇ ਵਿਸ਼ੇਸ਼ ਡੀ. ਜੀ. ਪੀ. ਅੰਦਰੂਨੀ ਸੁਰੱਖਿਆ ਆਰ. ਐੱਨ. ਢੋਕੇ, ਏ. ਡੀ. ਜੀ. ਪੀ. ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ਼.) ਨੀਲਾਭ ਕਿਸ਼ੋਰ ਅਤੇ ਏ. ਡੀ. ਜੀ. ਪੀ. ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਪ੍ਰਮੋਦ ਬਾਨ ਦੇ ਨਾਲ ਅੰਮ੍ਰਿਤਸਰ ਅਤੇ ਜਲੰਧਰ ਦਾ ਦੌਰਾ ਕੀਤਾ ਅਤੇ ਕਮਿਸ਼ਨਰੇਟ-ਅੰਮ੍ਰਿਤਸਰ ਅਤੇ ਜਲੰਧਰ ਅਤੇ ਪੁਲਸ ਰੇਂਜ-ਬਾਰਡਰ, ਜਲੰਧਰ ਅਤੇ ਲੁਧਿਆਣਾ ਦੇ ਅਧਿਕਾਰੀਆਂ ਨਾਲ ਕਾਨੂੰਨ ਅਤੇ ਵਿਵਸਥਾ ਸਮੀਖਿਆ ਬੈਠਕਾਂ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਚੱਲ ਰਹੀਆਂ ਅੱਤਵਾਦ ਵਿਰੋਧੀ ਮੁਹਿੰਮਾਂ, ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਖ਼ਿਲਾਫ਼ ਕਾਰਵਾਈ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਦੀ ਵੀ ਸਮੀਖਿਆ ਕੀਤੀ।

ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਗਈ ਅਤੇ ਗਣਤੰਤਰ ਦਿਵਸ ਦੇ ਸਮਾਗਮਾਂ ਤੋਂ ਪਹਿਲਾਂ ਸਾਰੀਆਂ ਅਹਿਮ ਥਾਵਾਂ ’ਤੇ ਪੁਲਸ ਦੀ ਮੌਜੂਦਗੀ ਯਕੀਨੀ ਬਣਾ ਕੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ, ਡੋਮੀਨੇਸ਼ਨ ਆਪ੍ਰੇਸ਼ਨ ਤੇਜ਼ ਕਰਨ ਅਤੇ ਹੋਰ ਜਾਸੂਸੀ ਉਪਾਵਾਂ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਲਗਾਤਾਰ ਗਸ਼ਤ ਅਤੇ ਜਾਂਚ ਕਰਨਗੇ, ਖ਼ਾਸ ਤੌਰ ’ਤੇ ਰਾਤ ਵੇਲੇ ਤਾਂ ਜੋ ਕਿਸੇ ਵੀ ਸੰਭਾਵਤ ਖ਼ਤਰੇ ਨੂੰ ਰੋਕਿਆ ਜਾ ਸਕੇ। ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ’ਚ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਸਰਹੱਦੀ ਜ਼ਿਲ੍ਹਿਆਂ ਸਮੇਤ ਸੰਵੇਦਨਸ਼ੀਲ ਖੇਤਰਾਂ ਵਿਚ ਵਾਧੂ ਪੁਲਸ ਫੋਰਸਾਂ ਦੀ ਤਾਇਨਾਤੀ ਵੀ ਸ਼ਾਮਲ ਹੋਵੇਗੀ।

Leave a Reply

Your email address will not be published. Required fields are marked *