ਖਨੌਰੀ : ਖਨੌਰੀ ਬਾਰਡਰ ਉਪਰ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਛੇਤੀ ਹੀ ਨਵਾਂ ਰੈਣ ਬਸੇਰਾ ਤਿਆਰ ਕਰ ਕੇ ਇਥੋਂ ਸ਼ਿਫਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੋਰਚੇ ਨੇੜੇ ਸਥਿਤ ਹੋਟਲ ਨਜਦੀਕ ਖੁੱਲੀ ਜਗ੍ਹਾਂ ਉਤੇ ਉਨ੍ਹਾਂ ਨੂੰ ਨਵੇ ਰੈਣ ਬਸੇਰੇ ਵਿਚ ਸ਼ਿਫਟ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਧੁੱਪ ਅਤੇ ਹਵਾ ਲੱਗਦੀ ਰਹੇ।
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨ ਆਗੂ ਨੂੰ ਇਥੋਂ ਸ਼ਿਫਟ ਕਰਨ ਲਈ ਡਾਕਟਰਾਂ ਨਾਲ ਚੰਗੀ ਤਰ੍ਹਾਂ ਸਲਾਹ ਮਸ਼ਵਰਾ ਕੀਤਾ ਜਾਵੇਗਾ ਅਤੇ ਉਸਤੋਂ ਬਾਅਦ ਹੀ ਉਨ੍ਹਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੱਲੇਵਾਲ ਪਿਛਲੇ 53 ਦਿਨਾਂ ਤੋਂ ਨਹਾਏ ਵੀ ਨਹੀ ਹਨ ਅਤੇ ਸਿਰਫ ਗਿੱਲਾ ਕੱਪੜਾ ਹੀ ਸਰੀਰ ਤੇ ਫੇਰਿਆ ਜਾ ਰਿਹਾ ਹੈ। ਇਸਤੋਂ ਇਲਾਵਾ 14 ਫਰਵਰੀ ਦੀ ਚੰਡੀਗੜ੍ਹ ਮੀਟਿੰਗ ਤੋ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਿਹਤਯਾਬ ਹੋਣਾ ਬਹੁਤ ਜਰੂਰੀ ਹੈ। ਇਸਦੇ ਨਾਲ ਹੀ ਜਿਸ ਜਗ੍ਹਾ ਹੁਣ ਡੱਲੇਵਾਲ ਰਹਿ ਰਹੇ ਹਨ, ਉਸ ਦੇ ਦੂਜਿਓ ਪਾਸਿਓ ਗੱਡੀਆਂ ਦੀ ਅਵਾਜ਼ ਅਤੇ ਹਾਰਨ ਵੱਜਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਅਰਾਮ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ। ਹਾਲਾਂਕਿ, ਸੜਕ ਉਪਰ ਨੌਜਵਾਨਾਂ ਨੂੰ ਤਾਇਨਾਤ ਕੀਤਾ ਹੋਇਆ ਹੈ ਕਿ ਉਹ ਵਾਹਨ ਚਾਲਕਾਂ ਨੂੰ ਇਥੇ ਹਾਰਨ ਮਾਰਨ ਤੋ ਰੋਕਣ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 53 ਦਿਨਾਂ ਤੋ ਜੇਲ ਵਰਗੇ ਕਮਰੇ ਵਿਚ ਹੀ ਸਮਾਂ ਬਿਤਾ ਰਹੇ ਹਨ ਅਤੇ ਹੁਣ ਇਹ ਜਰੂਰੀ ਹੋ ਗਿਆ ਹੈ ਕਿ ਉਨ੍ਹਾਂ ਨੂੰ ਖੁੱਲੀ ਜਗ੍ਹਾਂ ਵਿਚ ਤਬਦੀਲ ਕੀਤਾ ਜਾਵੇ।